ਦਰਦਨਾਕ ਹਾਦਸਾ: ਬਾਲਕੋਨੀ 'ਚ ਖੇਡ ਰਹੇ ਜੁੜਵਾ ਭਰਾ 25ਵੀਂ ਮੰਜ਼ਿਲ ਤੋਂ ਡਿੱਗੇ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

Death

 

ਗਾਜ਼ੀਆਬਾਦ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਗਾਜ਼ੀਆਬਾਦ ਦੇ ਵਿਜੇ ਨਗਰ ਇਲਾਕੇ ਵਿੱਚ ਇੱਕ ਸੁਸਾਇਟੀ ਦੀ 25 ਵੀਂ ਮੰਜ਼ਿਲ ਤੋਂ ਡਿੱਗਣ ਨਾਲ ਦੋ ਜੁੜਵਾ ਭਰਾਵਾਂ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ 16-17 ਅਕਤੂਬਰ ਦੀ ਦੇਰ ਰਾਤ ਇੱਕ ਵਜੇ ਦੀ ਦੱਸੀ ਜਾ ਰਹੀ ਹੈ।

 

 

ਜਾਣਕਾਰੀ ਅਨੁਸਾਰ ਗਾਜ਼ੀਆਬਾਦ ਦੇ ਵਿਜੇਨਗਰ ਥਾਣਾ ਖੇਤਰ ਅਧੀਨ ਸਿਧਾਰਥ ਵਿਹਾਰ ਦੀ ਇੱਕ ਸੁਸਾਇਟੀ ਵਿੱਚ ਇੱਕ ਪਰਿਵਾਰ 25 ਵੀਂ ਮੰਜ਼ਿਲ 'ਤੇ ਰਹਿੰਦਾ ਹੈ। 25 ਵੀਂ ਮੰਜ਼ਲ 'ਤੇ ਰਹਿਣ ਵਾਲੇ ਇਸ ਪਰਿਵਾਰ ਦੇ ਦੋ ਜੁੜਵਾ 14 ਸਾਲਾ ਸੂਰਿਆ ਨਰਾਇਣ ਅਤੇ ਸੱਤਿਆ ਨਰਾਇਣ  ਫਲੈਟ ਦੀ ਬਾਲਕੋਨੀ ਵਿੱਚ ਖੇਡ ਰਹੇ ਸਨ। ਖੇਡਦੇ ਸਮੇਂ ਅਚਾਨਕ ਦੋਵੇਂ ਭਰਾ ਬਾਲਕੋਨੀ ਤੋਂ ਹੇਠਾਂ ਆ ਗਏ।

 

ਪੁਲਿਸ ਦੇ ਅਨੁਸਾਰ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸੇ ਦੇ ਸਮੇਂ ਜੁੜਵਾ ਬੱਚਿਆਂ ਦੀ ਮਾਂ ਘਰ ਵਿੱਚ ਮੌਜੂਦ ਸੀ ਅਤੇ ਦੂਜੇ ਕਮਰੇ ਵਿੱਚ ਇੱਕ ਭੈਣ ਵੀ ਸੀ। ਪਿਤਾ ਕੰਮ ਦੇ ਸਿਲਸਿਲੇ ਵਿੱਚ ਮੁੰਬਈ ਗਏ ਹੋਏ ਹਨ। ਪੁਲਿਸ ਨੇ ਦੱਸਿਆ ਕਿ ਦੋਵੇਂ ਜੁੜਵਾ ਭਰਾ ਵੱਖ -ਵੱਖ ਕਮਰਿਆਂ ਵਿੱਚ ਸਨ। ਮਾਂ ਸੌ ਰਹੀ ਸੀ। ਬਾਅਦ ਕੀ ਹੋਇਆ, ਦੋਵੇਂ ਭਰਾ ਕਿਵੇਂ ਰੇਲਿੰਗ ਦੇ ਪਾਰ ਪਹੁੰਚੇ ਅਤੇ ਫਿਰ ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਅਤੇ ਭੈਣ ਤੋਂ ਇਸ ਘਟਨਾ ਸਬੰਧੀ ਪੁੱਛਗਿੱਛ ਕੀਤੀ ਗਈ ਹੈ। ਮੋਬਾਈਲ ਫੋਨਾਂ ਦੀ ਵੀ ਤਲਾਸ਼ੀ ਲਈ ਜਾਵੇਗੀ। ਫਿਲਹਾਲ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ ਜੁੜਵਾ ਭਰਾ ਨੌਵੀਂ ਕਲਾਸ ਵਿੱਚ ਪੜ੍ਹਦੇ ਸਨ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ