AAP ਸਾਂਸਦ ਸੰਜੇ ਸਿੰਘ ਹਿਰਾਸਤ 'ਚ, CBI ਹੈੱਡਕੁਆਰਟਰ ਦੇ ਬਾਹਰ ਕਰ ਰਹੇ ਸੀ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੀਸ਼ ਸਿਸੋਦੀਆ ਖਿਲਾਫ਼ ਹੋ ਰਹੀ ਕਾਰਵਾਈ ਦਾ ਕਰ ਰਹੇ ਸੀ ਵਿਰੋਧ

AAP MP Sanjay Singh was in custody, protesting outside the CBI headquarters

 

ਨਵੀਂ ਦਿੱਲੀ - ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਦੀ ਸ਼ਰਾਬ ਨੀਤੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਸੀਬੀਆਈ ਦਫ਼ਤਰ ਵਿਚ ਪੁੱਛਗਿੱਛ ਲਈ ਪਹੁੰਚ ਗਏ ਹਨ। ਮਨੀਸ਼ ਸਿਸੋਦੀਆ ਸੀਬੀਆਈ ਦਫ਼ਤਰ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਗਏ। ਇੱਥੋਂ ਉਹ ਪਾਰਟੀ ਆਗੂਆਂ ਨਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਪੁੱਜੇ। 

ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ 'ਚ 'ਆਪ' ਸਮਰਥਕ ਮੌਜੂਦ ਸਨ। ਤਾਕਤ ਦੇ ਪ੍ਰਦਰਸ਼ਨ ਤੋਂ ਬਾਅਦ ਉਹ ਪੁੱਛਗਿੱਛ ਲਈ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਏ। ਫਿਲਹਾਲ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ‘ਆਪ’ ਆਗੂਆਂ ਦਾ ਦਾਅਵਾ ਹੈ ਕਿ ਸਿਸੋਦੀਆ ਨੂੰ ਗ੍ਰਿਫ਼ਤਾਰ ਕਰਨ ਲਈ ਬੁਲਾਇਆ ਗਿਆ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਗੁਜਰਾਤ ਦੇ ਨਤੀਜੇ 8 ਦਸੰਬਰ ਨੂੰ ਆਉਣਗੇ। ਇਹ ਲੋਕ ਉਦੋਂ ਤੱਕ ਮਨੀਸ਼ ਨੂੰ ਜੇਲ੍ਹ ਵਿਚ ਰੱਖਣਗੇ ਤਾਂ ਕਿ ਮਨੀਸ਼ ਗੁਜਰਾਤ ਚੋਣਾਂ ਵਿਚ ਪ੍ਰਚਾਰ ਲਈ ਨਾ ਜਾ ਸਕੇ।

ਸੀਬੀਆਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦੀ ਤਿਆਰੀ ਮੈਨੂੰ ਗ੍ਰਿਫ਼ਤਾਰ ਕਰਨ ਦੀ ਹੈ। ਘਰ ਵਿਚ ਰੇਡ ਮਾਰੀ, ਪਿੰਡ ਵਿਚ ਰੇਡ ਮਾਰੀ ਪਰ ਕੁਝ ਨਹੀਂ ਮਿਲਿਆ। ਇਸ ਪੂਰੇ ਮਾਮਲੇ ਨੂੰ ਫਰਜ਼ੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਮੈਨੂੰ ਜੇਲ੍ਹ 'ਚ ਡੱਕ ਰਹੇ ਹਨ ਤਾਂ ਜੋ ਮੈਂ ਗੁਜਰਾਤ ਨਾ ਜਾ ਸਕਾਂ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿਚ ਸਕੂਲਾਂ ਦੀ ਹਾਲਤ ਖ਼ਰਾਬ ਹੈ। ਨੌਜਵਾਨ ਬੇਰੁਜ਼ਗਾਰ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਕਥਿਤ ਤੌਰ 'ਤੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਹੈੱਡਕੁਆਰਟਰ ਦੇ ਬਾਹਰ ਹਿਰਾਸਤ ਵਿਚ ਲੈ ਲਿਆ। ਸੰਜੇ ਸਿੰਘ ਸਮੇਤ ਹੋਰ ਕਈ ਆਗੂ ਮਨੀਸ਼ ਸਿਸੋਦੀਆ ਖਿਲਾਫ਼ ਹੋ ਰਹੀ ਕਾਰਵਾਈ ਦੇ ਸਬੰਧ ਵਿਚ ਸੀਬੀਆਈ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ 'ਆਪ' ਸੰਸਦ ਮੈਂਬਰ ਸੰਜੇ ਸਿੰਘ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਸੀਜੀਓ ਕੰਪਲੈਕਸ 'ਚ ਗੈਰ-ਕਾਨੂੰਨੀ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਹਿਰਾਸਤ 'ਚ ਲਿਆ ਗਿਆ ਹੈ।
ਸੀਜੀਓ ਪਰਿਸਰ ਵਿਚ ਫੌਜਦਾਰੀ ਜਾਬਤਾ ਦੀ ਧਾਰਾ 144 ਲਾਗੂ ਹੈ, ਜਿਸ ਦੇ ਤਹਿਤ ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ ਹੈ।