ਬੰਗਾਲ 'ਚ CA ਦੇ ਘਰ 'ਚ ਛਾਪੇਮਾਰੀ, ਮਿਲਿਆ ਕਰੋੜਾਂ ਦਾ ਖ਼ਜ਼ਾਨਾ, ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮੁਲਜ਼ਮ ਖਿਲਾਫ ਲੁੱਕ ਆਊਟ ਨੋਟਿਸ ਹੋਇਆ ਜਾਰੀ

photo

 

ਕੋਲਕਾਤਾ: ਪੱਛਮੀ ਬੰਗਾਲ ਵਿੱਚ ਇੱਕ ਵਾਰ ਫਿਰ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਰਿਪੋਰਟ ਮੁਤਾਬਕ ਐਂਟੀ ਬੈਂਕ ਫਰਾਡ ਸੈਕਸ਼ਨ ਨੇ ਕੋਲਕਾਤਾ 'ਚ ਚਾਰਟਰਡ ਅਕਾਊਂਟੈਂਟ ਦੇ ਘਰ 'ਤੇ ਛਾਪਾ ਮਾਰਿਆ ਹੈ। ਇਸ ਛਾਪੇਮਾਰੀ ਵਿਚ 8.15 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇੰਨਾ ਹੀ ਨਹੀਂ ਸੀਏ ਦੀ ਕਾਰ 'ਚੋਂ ਦੋ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਵੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਸੀਏ ਦਾ ਨਾਂ ਸ਼ੈਲੇਸ਼ ਪਾਂਡੇ ਹੈ। ਪੁਲਿਸ ਨੇ ਹਾਵੜਾ ਸਥਿਤ ਸੀਏ ਦੀ ਸ਼ਿਵਪੁਰ ਸਥਿਤ ਰਿਹਾਇਸ਼ 'ਤੇ ਵੀ ਛਾਪਾ ਮਾਰਿਆ, ਜਿੱਥੇ ਪੁਲਿਸ ਟੀਮ ਨੂੰ 5.95 ਕਰੋੜ ਰੁਪਏ ਮਿਲੇ ਹਨ।

ਇਸ ਛਾਪੇਮਾਰੀ ਤੋਂ ਬਾਅਦ ਪੁਲਿਸ ਵੱਲੋਂ ਸ਼ੈਲੇਸ਼ ਅਤੇ ਉਸਦੇ ਭਰਾ ਅਰਵਿੰਦ ਪਾਂਡੇ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੈਲੇਸ਼ ਨੇ ਦੋ ਬੈਂਕਾਂ ਦੇ ਖਾਤਿਆਂ 'ਚ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਜਮ੍ਹਾ ਕਰਵਾਈ ਹੈ। ਇਨ੍ਹਾਂ ਖਾਤਿਆਂ ਨੂੰ ਵੀ ਫ੍ਰੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਟੀਮ ਸ਼ੈਲੇਸ਼ ਅਤੇ ਉਸਦੇ ਭਰਾ ਅਰਵਿੰਦ ਦੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਫਿਲਹਾਲ ਫਰਾਰ ਹਨ।

ਛਾਪੇਮਾਰੀ ਦੌਰਾਨ ਜਦੋਂ ਪੁਲਿਸ ਟੀਮ ਸ਼ੈਲੇਸ਼ ਦੇ ਘਰ ਪਹੁੰਚੀ ਤਾਂ ਉਸ ਕੋਲੋਂ 2 ਕਰੋੜ 20 ਲੱਖ 50 ਹਜ਼ਾਰ ਰੁਪਏ ਬਰਾਮਦ ਹੋਏ। ਇਹ ਪੈਸੇ ਸ਼ੈਲੇਸ਼ ਦੀ ਕਾਰ ਵਿੱਚੋਂ ਬਰਾਮਦ ਹੋਏ ਹਨ। ਇਸ ਤੋਂ ਬਾਅਦ ਪੁਲਿਸ ਟੀਮ ਸ਼ੈਲੇਸ਼ ਦੇ ਫਲੈਟ 'ਤੇ ਪਹੁੰਚੀ, ਜਿੱਥੋਂ ਵੱਡੀ ਨਕਦੀ ਬਰਾਮਦ ਹੋਈ। ਪੁਲਿਸ ਫਲੈਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਗਈ। ਜਦੋਂ ਐਂਟੀ ਬ੍ਰਾਂਚ ਫਰਾਡ ਸੈਕਸ਼ਨ ਦੀ ਪੁਲਿਸ ਟੀਮ ਅੰਦਰ ਪਹੁੰਚੀ ਤਾਂ ਉਨ੍ਹਾਂ ਕੋਲੋਂ ਨਕਦੀ ਸਮੇਤ ਹੀਰੇ, ਸੋਨਾ ਅਤੇ ਚਾਂਦੀ ਆਦਿ ਬਰਾਮਦ ਹੋਇਆ। ਟੀਮ ਨੂੰ ਘਰੋਂ 5.95 ਕਰੋੜ ਰੁਪਏ ਨਕਦ ਮਿਲੇ ਹਨ।

ਕੋਲਕਾਤਾ ਪੁਲਿਸ ਨੇ ਸ਼ੈਲੇਸ਼ ਦੇ ਘਰ ਅਤੇ ਕਾਰ ਤੋਂ ਕੁੱਲ 8.15 ਕਰੋੜ ਰੁਪਏ ਬਰਾਮਦ ਕੀਤੇ ਹਨ। ਪੁਲਿਸ ਟੀਮ ਨੇ ਨਕਦੀ ਅਤੇ ਗਹਿਣੇ ਜ਼ਬਤ ਕਰ ਲਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਛਾਪੇਮਾਰੀ ਤੋਂ ਬਾਅਦ ਪੁਲਿਸ ਟੀਮ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਸ਼ੈਲੇਸ਼ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਰਿਪੋਰਟ ਮੁਤਾਬਕ ਕੇਨਰਾ ਬੈਂਕ ਦੀ ਤਰਫੋਂ ਸ਼ੈਲੇਸ਼ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਇਹ ਕਾਰਵਾਈ ਕੀਤੀ ਹੈ।