ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਘਰ 'ਤੇ ਹਮਲਾ, ਗੱਡੀਆਂ ਦੀ ਕੀਤੀ ਗਈ ਭੰਨਤੋੜ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਡਰਨ ਵਾਲੀ ਨਹੀਂ ਹੈ ਅਤੇ ਇਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰੇਗੀ।
ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਹੈ ਕਿ ਕੁਝ ਹਮਲਾਵਰਾਂ ਵੱਲੋਂ ਉਹਨਾਂ ਦੇ ਘਰ 'ਤੇ ਹਮਲਾ ਕੀਤਾ ਗਿਆ ਅਤੇ ਕਾਰ ਦੀ ਭੰਨਤੋੜ ਕੀਤੀ ਗਈ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, ''ਕੁਝ ਸਮਾਂ ਪਹਿਲਾਂ ਕੁਝ ਹਮਲਾਵਰ ਮੇਰੇ ਘਰ 'ਚ ਦਾਖਲ ਹੋਏ ਅਤੇ ਉਹਨਾਂ 'ਤੇ ਹਮਲਾ ਕੀਤਾ। ਮੇਰੀ ਅਤੇ ਮੇਰੀ ਮਾਂ ਦੀ ਕਾਰ ਬੁਰੀ ਤਰ੍ਹਾਂ ਟੁੱਟ ਗਈ ਅਤੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ।"
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਡਰਨ ਵਾਲੀ ਨਹੀਂ ਹੈ ਅਤੇ ਇਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰੇਗੀ। ਉਹਨਾਂ ਕਿਹਾ, “ਸ਼ੁਕਰ ਹੈ ਕਿ ਮੈਂ ਅਤੇ ਮੇਰੀ ਮਾਂ ਦੋਵੇਂ ਘਰ ਨਹੀਂ ਸੀ, ਨਹੀਂ ਤਾਂ ਪਤਾ ਨਹੀਂ ਕੀ ਹੁੰਦਾ। ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਨਹੀਂ ਡਰਾਂਗੀ। ਮੈਂ ਦਿੱਲੀ ਪੁਲਿਸ ਨੂੰ ਸ਼ਿਕਾਇਤ ਕਰ ਰਹੀ ਹਾਂ।" ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਵਾਤੀ ਮਾਲੀਵਾਲ ਦੇ ਘਰ 'ਤੇ ਹਮਲਾ ਕਰਨ ਵਾਲੇ ਕੌਣ ਸਨ।
Tweet
ਹਮਲਾ ਕਰਨ ਵਾਲੇ ਨੂੰ ਉੱਤਰੀ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਮਾਨਸਿਕ ਰੋਗੀ ਹੈ ਅਤੇ ਮੁਲਜ਼ਮ ਦੀ ਪਛਾਣ ਸਚਿਨ (30) ਵਜੋਂ ਹੋਈ ਹੈ। ਮੁਲਜ਼ਮ ਬੁਰਾੜੀ ਦੇ ਡੀਟੀਸੀ ਡਿਪੂ ਵਿਚ ਇਲੈਕਟ੍ਰੀਸ਼ੀਅਨ ਵਜੋਂ ਠੇਕੇ ’ਤੇ ਕੰਮ ਕਰਦਾ ਸੀ ਅਤੇ ਬੁਰਾੜੀ ਦੇ ਨੱਥੂਪੁਰਾ ਵਿਚ ਪਰਿਵਾਰ ਨਾਲ ਰਹਿੰਦਾ ਸੀ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਵਾਤੀ ਮਾਲੀਵਾਲ ਨੇ ਦੱਸਿਆ ਸੀ ਕਿ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਵਾਤੀ ਮਾਲੀਵਾਲ ਨੇ ਦੋਸ਼ ਲਗਾਇਆ ਹੈ ਕਿ ਜਦੋਂ ਤੋਂ ਉਸ ਨੇ ਫਿਲਮ ਨਿਰਮਾਤਾ ਅਤੇ ਬਿੱਗ ਬਾਸ ਪ੍ਰਤੀਯੋਗੀ ਸਾਜਿਦ ਖਾਨ ਖਿਲਾਫ ਆਵਾਜ਼ ਉਠਾਈ ਹੈ, ਉਸ ਨੂੰ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।