ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂਆਂ ਲਈ ਕੀਤਾ ਇਨਾਮੀ ਰਾਸ਼ੀ ਦਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨ ਤਮਗ਼ਾ ਲਿਆਉਣ ਵਾਲੇ ਖਿਡਾਰੀਆਂ ਨੂੰ 25 ਲੱਖ, ਚਾਂਦੀ ਦਾ ਤਮਗ਼ਾ ਲਿਆਉਣ ਵਾਲੇ ਨੂੰ 15 ਲੱਖ ਰੁਪਏ ਅਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਨੂੰ 10 ਲੱਖ ਰੁਪਏ ਦਿਤੇ ਜਾਣਗੇ

Defence Minister Rajnath Singh announces hefty prize money for India's Asian Games 2022 medal winners

 

ਨਵੀਂ ਦਿੱਲੀ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਸ਼ੀਆਈ ਖੇਡਾਂ ਵਿਚ ਤਮਗ਼ੇ ਜਿੱਤਣ ਵਾਲੇ ਹਥਿਆਰਬੰਦ ਬਲਾਂ ਦੇ ਖਿਡਾਰੀਆਂ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਉਨ੍ਹਾਂ ਦਸਿਆ ਕਿ ਸੋਨ ਤਮਗ਼ਾ ਲਿਆਉਣ ਵਾਲੇ ਖਿਡਾਰੀਆਂ ਨੂੰ 25 ਲੱਖ ਰੁਪਏ, ਚਾਂਦੀ ਦਾ ਤਮਗ਼ਾ ਲਿਆਉਣ ਵਾਲੇ ਖਿਡਾਰੀਆਂ ਨੂੰ 15 ਲੱਖ ਰੁਪਏ ਅਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਨੂੰ 10 ਲੱਖ ਰੁਪਏ ਦਿਤੇ ਜਾਣਗੇ।

ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਵਿਚ ਅਪਣੇ ਪ੍ਰਦਰਸ਼ਨ ਨਾਲ ਸਾਰੇ ਭਾਰਤੀਆਂ ਦਾ ਮਾਣ ਵਧਾਇਆ ਹੈ। ਤੁਹਾਡੇ ਸਾਰਿਆਂ ਦਾ ਇਹ ਪ੍ਰਦਰਸ਼ਨ ਇਕ ਨਵੇਂ ਅਤੇ ਮਜ਼ਬੂਤ ​​ਭਾਰਤ ਦੇ ਨਾਲ-ਨਾਲ ਤੇਜ਼ੀ ਨਾਲ ਵਧ ਰਹੇ ਭਾਰਤ ਦੀ ਪਛਾਣ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰ ਫੋਰਸ ਆਡੀਟੋਰੀਅਮ ਵਿਚ ਭਾਰਤੀ ਹਥਿਆਰਬੰਦ ਬਲਾਂ ਦੇ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂਆਂ ਨਾਲ ਗੱਲਬਾਤ ਕੀਤੀ। ਹਵਾਈ ਸੈਨਾ ਦੇ 10, ਜਲ ਸੈਨਾ ਦੇ 14 ਅਤੇ ਭਾਰਤੀ ਸੈਨਾ ਦੇ 52 ਯਾਨੀ ਏਸ਼ੀਆਈ ਖੇਡਾਂ ਤੋਂ ਵਾਪਸ ਪਰਤੇ 76 ਤਮਗ਼ਾ ਜੇਤੂਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ।

ਇਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਤਮਗ਼ੇ ਲਿਆ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਅਪਣੇ ਆਪ ਵਿਚ ਸਰਬੋਤਮ ਪੁਰਸਕਾਰ ਹੈ ਪਰ ਰੱਖਿਆ ਮੰਤਰਾਲੇ ਨੇ ਤਮਗ਼ਾ ਜੇਤੂ ਖਿਡਾਰੀਆਂ ਨੂੰ ਮਾਣ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਭਾਰਤ ਨੇ ਇਸ ਸਾਲ ਦੀਆਂ ਏਸ਼ੀਆਈ ਖੇਡਾਂ ਵਿਚ ਕੁੱਲ 107 ਤਮਗ਼ੇ ਜਿੱਤੇ ਹਨ। ਪਿਛਲੀ ਵਾਰ 2018 ਏਸ਼ੀਆਈ ਖੇਡਾਂ ਵਿਚ ਅਸੀਂ 70 ਤਮਗ਼ੇ ਜਿੱਤੇ ਸਨ। 70 ਤੋਂ 107 ਤਮਗ਼ਿਆਂ ਤਕ ਦਾ ਇਹ ਸਫ਼ਰ ਉਤਸ਼ਾਹਜਨਕ ਹੈ।