ਅਮਰੀਕੀ ਰਾਸ਼ਟਰਪਤੀ ਬਿਡੇਨ ਜਾਣਗੇ ਇਜ਼ਰਾਈਲ, PM ਨੇਤਨਯਾਹੂ ਨਾਲ ਫ਼ੋਨ 'ਤੇ ਕੀਤੀ ਗੱਲਬਾਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਦੁਸ਼ਮਣ ਸਾਨੂੰ ਪਰਖਣ ਦੀ ਕੋਸ਼ਿਸ਼ ਨਾ ਕਰਨ, ਨਤੀਜੇ ਬਹੁਤ ਖਤਰਨਾਕ ਹੋਣਗੇ

US President Biden calls Israel's Netanyahu

ਹਮਾਸ  - ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 11ਵਾਂ ਦਿਨ ਹੈ। ਇਜ਼ਰਾਇਲੀ ਫੌਜ ਨੇ ਜ਼ਮੀਨੀ ਕਾਰਵਾਈ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਸਰਕਾਰ ਤੋਂ ਹਰੀ ਝੰਡੀ ਦੀ ਉਡੀਕ ਕਰ ਰਹੀ ਹੈ। ਇੱਥੇ ਦੱਸ ਦਈਏ ਕਿ ਮੰਗਲਵਾਰ ਸਵੇਰੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਲਾਨ ਕੀਤਾ ਕਿ ਰਾਸ਼ਟਰਪਤੀ ਜੋਅ ਬਿਡੇਨ 18 ਅਕਤੂਬਰ ਨੂੰ ਇਜ਼ਰਾਈਲ ਦਾ ਦੌਰਾ ਕਰਨਗੇ।       

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਅਧਿਕਾਰੀਆਂ ਨਾਲ ਅੱਜ 7 ਘੰਟੇ ਤੋਂ ਵੱਧ ਦੀ ਗੱਲਬਾਤ ਤੋਂ ਬਾਅਦ ਇਹ ਐਲਾਨ ਕੀਤਾ। ਸੋਮਵਾਰ ਨੂੰ ਇਜ਼ਰਾਈਲ ਦੀ ਸੰਸਦ (ਨੇਸੇਟ) ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਤੋਂ ਇਲਾਵਾ ਹਿਜ਼ਬੁੱਲਾ ਅਤੇ ਈਰਾਨ ਨੂੰ ਵੀ ਚੇਤਾਵਨੀ ਦਿੱਤੀ ਹੈ।   

ਉਨ੍ਹਾਂ ਕਿਹਾ ਕਿ ਹਮਾਸ ਦੇ ਨਾਲ ਜੰਗ ਹਨੇਰੇ ਅਤੇ ਰੌਸ਼ਨੀ ਵਿਚਕਾਰ ਜੰਗ ਵਾਂਗ ਹੈ। ਅਸੀਂ ਸਿਰਫ਼ ਆਪਣੇ ਦੁਸ਼ਮਣਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਇਜ਼ਰਾਈਲ ਨੂੰ ਅਜ਼ਮਾਉਣ ਦੀ ਗ਼ਲਤੀ ਨਾ ਕਰਨ। ਇਸ ਦੇ ਨਤੀਜੇ ਬਹੁਤ ਗੰਭੀਰ ਹੋਣਗੇ। ਇਕ ਨਿਊਜ਼ ਏਜੰਸੀ ਮੁਤਾਬਕ ਬਾਈਡੇਨ ਦੇ ਦੌਰੇ ਕਾਰਨ ਗਾਜ਼ਾ 'ਚ ਇਜ਼ਰਾਈਲ ਦੀ ਜ਼ਮੀਨੀ ਕਾਰਵਾਈ 'ਚ ਦੇਰੀ ਹੋ ਸਕਦੀ ਹੈ।

ਦਰਅਸਲ, 7 ਅਕਤੂਬਰ ਤੋਂ ਇਜ਼ਰਾਈਲ ਗਾਜ਼ਾ 'ਤੇ ਲਗਾਤਾਰ ਬੰਬਾਰੀ ਕਰ ਕੇ ਜਵਾਬੀ ਕਾਰਵਾਈ ਕਰ ਰਿਹਾ ਹੈ। ਇਸ ਨੂੰ ਹੋਰ ਅੱਗੇ ਵਧਾਉਂਦੇ ਹੋਏ ਇਜ਼ਰਾਈਲ ਨੇ ਵੀ ਗਾਜ਼ਾ ਵਿਚ ਦਾਖਲ ਹੋਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਹਮਾਸ ਦੇ ਕਮਾਂਡਰਾਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ 'ਨਿਊਯਾਰਕ ਟਾਈਮਜ਼' ਨੇ ਗਾਜ਼ਾ ਸਰਕਾਰੀ ਪ੍ਰੈੱਸ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਗਾਜ਼ਾ 'ਚ ਐਤਵਾਰ ਅਤੇ ਸੋਮਵਾਰ ਦਰਮਿਆਨ 254 ਲੋਕ ਮਾਰੇ ਗਏ। ਹੁਣ ਤੱਕ ਕੁੱਲ 2808 ਲੋਕਾਂ ਦੀ ਮੌਤ ਹੋ ਚੁੱਕੀ ਹੈ। 10 ਹਜ਼ਾਰ 850 ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿਚ 60% ਔਰਤਾਂ ਅਤੇ ਬੱਚੇ ਸਨ।