Uttarkashi Tunnel Collapse : ਮਲਬੇ ’ਚ 22 ਮੀਟਰ ਤਕ ਪਾਈਪ ਪਾਏ, ਜਾਣੋ ਕਿਉਂ ਉੱਤਰਕਾਸ਼ੀ ਸੁਰੰਗ ’ਚ ਅਜੇ ਵੀ ਫਸੇ ਹਨ ਮਜ਼ਦੂਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੂਜੀ ਡਰਿਲਿੰਗ ਮਸ਼ੀਨ ਵੀ ‘ਖ਼ਰਾਬ’, ਕੰਮ ਫਿਰ ਰੁਕਿਆ, ਇੰਦੌਰ ਤੋਂ ਤੀਜੀ ਮਸ਼ੀਨ ਮੰਗਵਾਈ ਗਈ, ਉਪਰੋਂ ਲਗਾਤਾਰ ਮਲਬਾ ਡਿੱਗਣ ਕਾਰਨ ਹੁਣ 70 ਮੀਟਰ ਤਕ ਕਰਨੀ ਪਵੇਗੀ ਡਰੀਲਿੰਗ

Uttarkashi: Rescue and relief operations underway after a portion of a tunnel under construction between Silkyara and Dandalgaon on the Brahmakhal-Yamunotri national highway collapsed, in Uttarkashi district, Friday, Nov. 17, 2023. (PTI Photo)

Uttarkashi Tunnel Collapse : ਉੱਤਰਕਾਸ਼ੀ ਜ਼ਿਲ੍ਹੇ ’ਚ ਸਿਲਕਯਾਰਾ ਸੁਰੰਗ ਦੇ ਇਕ ਹਿੱਸੇ ਦੇ ਢਹਿ ਜਾਣ ਕਾਰਨ 130 ਘੰਟਿਆਂ ਤੋਂ ਵੱਧ ਸਮੇਂ ਤੋਂ ਇਸ ਦੇ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ‘ਏਸਕੇਪ ਟਨਲ’ ਬਣਾਉਣ ਲਈ ਇਕ ਨਵੀਂ ਅਤੇ ਤਾਕਤਵਰ ਅਮਰੀਕੀ ਆਗਰ ਮਸ਼ੀਨ ਨੇ ਸ਼ੁਕਰਵਾਰ ਨੂੰ ਮਲਬੇ ’ਚ 22 ਮੀਟਰ ਅੰਦਰ ਤਕ ਰਸਤਾ ਬਣਾ ਕੱਢ ਦਿਤਾ ਅੰਦਰ।

ਨੈਸ਼ਨਲ ਹਾਈਵੇਅ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਨ.ਐੱਚ.ਆਈ.ਡੀ.ਸੀ.ਐੱਲ.) ਦੇ ਡਾਇਰੈਕਟਰ ਅੰਸ਼ੂ ਮਨੀਸ਼ ਖਲਕੋ ਨੇ ਐਤਵਾਰ ਸਵੇਰੇ ਹਾਦਸੇ ਤੋਂ ਬਾਅਦ ਲਗਾਤਾਰ ਜਾਰੀ ਬਚਾਅ ਕਾਰਜ ਦੀ ਤਾਜ਼ਾ ਸਥਿਤੀ ਦਸਦੇ ਹੋਏ ਕਿਹਾ ਕਿ ਮਲਬੇ ’ਚ ਚਾਰ ਛੇ ਮੀਟਰ ਲੰਮੀਆਂ ਪਾਈਪਾਂ ਪਾ ਦਿਤੀਆਂ ਗਈਆਂ ਹਨ ਅਤੇ ਪੰਜਵੇਂ ਪਾਈਪ ਪਾਉਣ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦਸਿਆ ਕਿ ਚੌਥੀ ਪਾਈਪ ਦਾ ਆਖਰੀ ਦੋ ਮੀਟਰ ਹਿੱਸਾ ਬਾਹਰ ਰਖਿਆ ਗਿਆ ਹੈ ਤਾਂ ਜੋ ਪੰਜਵੀਂ ਪਾਈਪ ਨੂੰ ਸਹੀ ਢੰਗ ਨਾਲ ਜੋੜ ਕੇ ਅੰਦਰ ਪਾਇਆ ਜਾ ਸਕੇ।

ਉਨ੍ਹਾਂ ਦਸਿਆ ਕਿ ਇਸ ਸੁਰੰਗ ’ਚ ਕੁੱਲ 45 ਤੋਂ 70 ਮੀਟਰ ਤਕ ਮਲਬਾ ਜਮ੍ਹਾਂ ਹੈ, ਜਿਸ ’ਚ ਡਰਿਲਿੰਗ ਕੀਤੀ ਜਾਣੀ ਹੈ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਮਸ਼ੀਨ ਚਾਰ-ਪੰਜ ਮੀਟਰ ਪ੍ਰਤੀ ਘੰਟਾ ਮਲਬਾ ਅੰਦਰ ਜਾਣ ਦੀ ਅਪਣੀ ਲੋੜੀਂਦੀ ਗਤੀ ਕਿਉਂ ਨਹੀਂ ਹਾਸਲ ਕਰ ਸਕੀ ਤਾਂ ਉਨ੍ਹਾਂ ਕਿਹਾ ਕਿ ਪਾਈਪਾਂ ਨੂੰ ਵਿਛਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਇਕ ਰੇਖਾ ’ਚ ਕਰਨ ਅਤੇ ਜੋੜਨ ’ਚ ਸਮਾਂ ਲਗਦਾ ਹੈ। ਖਾਲਕੋ ਨੇ ਇਹ ਵੀ ਦਾਅਵਾ ਕੀਤਾ ਕਿ ਡਰਿਲਿੰਗ ਮਸ਼ੀਨ ਦੀ ਰਫ਼ਤਾਰ ਹੌਲੀ ਹੈ ਕਿਉਂਕਿ ਇਹ ਡੀਜ਼ਲ ’ਤੇ ਚਲਦੀ ਹੈ। ਉਨ੍ਹਾਂ ਕਿਹਾ ਕਿ ਡਰਿਲਿੰਗ ਨੂੰ ਸਮੇਂ-ਸਮੇਂ ’ਤੇ ਬੰਦ ਕਰਨਾ ਪੈਂਦਾ ਹੈ ਕਿਉਂਕਿ ਭਾਰੀ ਮਸ਼ੀਨ ’ਚ ਕੰਪਨ ਕਾਰਨ ਮਲਬਾ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ।

ਡਾਇਰੈਕਟਰ ਨੇ ਦਸਿਆ ਕਿ ਇਹ ਡੀਜ਼ਲ ਨਾਲ ਚੱਲਣ ਵਾਲੀ ਮਸ਼ੀਨ ਹੈ ਜੋ ਬੰਦ ਥਾਂ ’ਤੇ ਕੰਮ ਕਰ ਰਹੀ ਹੈ। ਇਸ ਨੂੰ ਕੁਝ ਅੰਤਰਾਲਾਂ ’ਤੇ ਹਵਾ ਸੰਚਾਲਨ ਦੀ ਵੀ ਲੋੜ ਹੁੰਦੀ ਹੈ। ਮਸ਼ੀਨ ਦੇ ਚੱਲਣ ਨਾਲ ਕੰਪਨ ਵੀ ਹੁੰਦੀ ਹੈ ਜਿਸ ਨਾਲ ਆਲੇ-ਦੁਆਲੇ ਦਾ ਸੰਤੁਲਨ ਵਿਗੜ ਸਕਦਾ ਹੈ ਅਤੇ ਮਲਬਾ ਡਿੱਗਣ ਦੀ ਸੰਭਾਵਨਾ ਬਣ ਸਕਦੀ ਹੈ। ਖਾਲਕੋ ਨੇ ਕਿਹਾ, ‘‘ਅਸੀਂ ਇਕ ਰਣਨੀਤੀ ਨਾਲ ਕੰਮ ਕਰ ਰਹੇ ਹਾਂ ਪਰ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਵਿਚਕਾਰ ਕੁਝ ਵੀ ਗਲਤ ਨਾ ਹੋਵੇ।’’ ਉਨ੍ਹਾਂ ਕਿਹਾ ਕਿ ਬੈਕਅੱਪ ਯੋਜਨਾ ਦੇ ਤੌਰ ’ਤੇ ਇੰਦੌਰ ਤੋਂ ਹਵਾਈ ਜਹਾਜ਼ ਰਾਹੀਂ ਇਕ ਹੋਰ ਆਗਰ ਮਸ਼ੀਨ ਮੌਕੇ ’ਤੇ ਲਿਆਂਦੀ ਜਾ ਰਹੀ ਹੈ ਤਾਂ ਜੋ ਬਚਾਅ ਕਾਰਜ ਨਿਰਵਿਘਨ ਜਾਰੀ ਰਹਿ ਸਕੇ।

ਦੂਜੀ ਡਰਿਲਿੰਗ ਮਸ਼ੀਨ ਵੀ ‘ਖ਼ਰਾਬ’

ਇਸ ਦੌਰਾਨ ਸੂਤਰਾਂ ਨੇ ਦਸਿਆ ਕਿ ਮਸ਼ੀਨ ’ਚ ਤਕਨੀਕੀ ਨੁਕਸ ਆ ਗਿਆ ਹੈ, ਇਸ ਲਈ ਇੰਦੌਰ ਤੋਂ ਨਵੀਂ ਮਸ਼ੀਨ ਲਿਆਂਦੀ ਜਾ ਰਹੀ ਹੈ। ਦੁਪਿਹਰ ਤੋਂ ਡਰਿਲਿੰਗ ਦਾ ਕੰਮ ਵੀ ਰੁਕ ਗਿਆ ਹੈ। ਬਚਾਅ ਕਾਰਜ 'ਚ ਲੱਗੇ ਇਕ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਇੰਦੌਰ ਤੋਂ ਹੈਵੀ ਆਗਰ ਮਸ਼ੀਨ ਆਉਣ ਤੋਂ ਬਾਅਦ ਹੀ ਕੰਮ ਮੁੜ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਛੋਟੀ ਆਗਰ ਮਸ਼ੀਨ ਨਾਲ ਮਲਬੇ ’ਚ ਡਰਿਲਿੰਗ ਸ਼ੁਰੂ ਕੀਤੀ ਗਈ ਸੀ ਪਰ ਜ਼ਮੀਨ ਖਿਸਕਣ ਅਤੇ ਮਸ਼ੀਨ ’ਚ ਤਕਨੀਕੀ ਖਰਾਬੀ ਕਾਰਨ ਕੰਮ ਅੱਧ ਵਿਚਾਲੇ ਹੀ ਰੋਕਣਾ ਪਿਆ। ਇਸ ਤੋਂ ਬਾਅਦ 25 ਟਨ ਵਜ਼ਨ ਵਾਲੀ ਵੱਡੀ, ਆਧੁਨਿਕ ਅਤੇ ਤਾਕਤਵਰ ਅਮਰੀਕੀ ਆਗਰ ਮਸ਼ੀਨ ਨੂੰ ਭਾਰਤੀ ਹਵਾਈ ਫ਼ੌਜ ਦੇ ਸੀ-130 ਹਰਕਿਊਲਿਸ ਜਹਾਜ਼ ਰਾਹੀਂ ਦੋ ਹਿੱਸਿਆਂ ’ਚ ਦਿੱਲੀ ਤੋਂ ਉੱਤਰਕਾਸ਼ੀ ਪਹੁੰਚਾਇਆ ਗਿਆ, ਜਿਸ ਕਾਰਨ ਵੀਰਵਾਰ ਨੂੰ ਮੁੜ ਡ੍ਰਿਲਿੰਗ ਸ਼ੁਰੂ ਕੀਤੀ ਗਈ।

ਯੋਜਨਾ ਇਹ ਹੈ ਕਿ ਡਰਿਲਿੰਗ ਰਾਹੀਂ ਮਲਬੇ ’ਚ ਰਸਤਾ ਬਣਾ ਕੇ 900 ਮਿਲੀਮੀਟਰ ਵਿਆਸ ਦੀਆਂ ਛੇ ਮੀਟਰ ਲੰਮੀਆਂ ਪਾਈਪਾਂ ਇਕ ਤੋਂ ਬਾਅਦ ਇਕ ਇਸ ਤਰ੍ਹਾਂ ਪਾਈਆਂ ਜਾਣਗੀਆਂ ਕਿ ਮਲਬੇ ਦੇ ਇਕ ਪਾਸੇ ਤੋਂ ਦੂਜੇ ਪਾਸੇ ‘ਬਦਲਵੀਂ ਸੁਰੰਗ’ ਬਣ ਜਾਵੇ ਅਤੇ ਵਰਕਰ ਇਸ ’ਚੋਂ ਲੰਘ ਸਕਣ। ਮੌਕੇ ’ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਮਾਹਰ ਆਦੇਸ਼ ਜੈਨ ਨੇ ਦਸਿਆ ਕਿ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਅਮਰੀਕੀ ਆਗਰ ਮਸ਼ੀਨ ਨੂੰ ਮੰਗਵਾਇਆ ਗਿਆ ਸੀ।

ਉਪਰੋਂ ਲਗਾਤਾਰ ਮਲਬਾ ਡਿੱਗਣਾ ਜਾਰੀ

ਉਨ੍ਹਾਂ ਦਸਿਆ ਕਿ ਪੁਰਾਣੀ ਮਸ਼ੀਨ ਦੀ ਅੰਦਰ ਜਾਣ ਦੀ ਸਮਰੱਥਾ 45 ਮੀਟਰ ਤਕ ਦੀ ਸੀ, ਜਦਕਿ ਉਪਰੋਂ ਲਗਾਤਾਰ ਮਲਬਾ ਡਿੱਗਣ ਕਾਰਨ ਇਹ 70 ਮੀਟਰ ਤਕ ਫੈਲ ਗਿਆ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦਸਿਆ ਕਿ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਖਾਣ-ਪੀਣ ਦੀਆਂ ਵਸਤਾਂ ਲਗਾਤਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਾਈਪਾਂ ਰਾਹੀਂ ਉਨ੍ਹਾਂ ਨੂੰ ਆਕਸੀਜਨ, ਬਿਜਲੀ, ਦਵਾਈਆਂ ਅਤੇ ਪਾਣੀ ਦੀ ਸਪਲਾਈ ਵੀ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕਰਵਾਈ ਜਾ ਰਹੀ ਹੈ।

ਇਸ ਦੌਰਾਨ ਝਾਰਖੰਡ ਸਰਕਾਰ ਦੀ ਇਕ ਟੀਮ ਅਪਣੇ ਵਰਕਰਾਂ ਦਾ ਹਾਲ-ਚਾਲ ਪੁੱਛਣ ਲਈ ਮੌਕੇ ’ਤੇ ਪਹੁੰਚੀ। ਆਈ.ਏ.ਐਸ. ਅਧਿਕਾਰੀ ਭੁਵਨੇਸ਼ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਪਾਈਪ ਰਾਹੀਂ ਝਾਰਖੰਡ ਦੇ ਮਜ਼ਦੂਰ ਵਿਸ਼ਵਜੀਤ ਅਤੇ ਸੁਬੋਧ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁਛਿਆ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਵਨੇਸ਼ ਨੇ ਕੇਂਦਰ ਅਤੇ ਉੱਤਰਾਖੰਡ ਸਰਕਾਰਾਂ ਵਲੋਂ ਕੀਤੇ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਹਾਦਸੇ ਦੇ ਪ੍ਰਬੰਧਨ ਅਤੇ ਬਚਾਅ ਕਾਰਜਾਂ ਲਈ ਪ੍ਰਸ਼ਾਸਨਿਕ ਪੱਧਰ ’ਤੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉੱਤਰਕਾਸ਼ੀ ਦੇ ਮੁੱਖ ਮੈਡੀਕਲ ਅਧਿਕਾਰੀ ਆਰ.ਸੀ.ਐਸ. ਪੰਵਾਰ ਨੇ ਦਸਿਆ ਕਿ ਸੁਰੰਗ ਨੇੜੇ ਛੇ ਬਿਸਤਰਿਆਂ ਦਾ ਅਸਥਾਈ ਹਸਪਤਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ 10 ਐਂਬੂਲੈਂਸਾਂ ਸਮੇਤ ਕਈ ਮੈਡੀਕਲ ਟੀਮਾਂ ਮੌਕੇ ’ਤੇ ਤਾਇਨਾਤ ਹਨ ਤਾਂ ਜੋ ਮਜ਼ਦੂਰਾਂ ਨੂੰ ਬਾਹਰ ਆਉਣ ’ਤੇ ਤੁਰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਸਿਲਕਿਆਰਾ ਦੇ ਮੂੰਹ ਦੇ ਅੰਦਰ 270 ਮੀਟਰ ਅੰਦਰ ਚਾਰਧਾਮ ਪ੍ਰਾਜੈਕਟ ਤਹਿਤ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਸਵੇਰੇ ਢਹਿ ਗਿਆ, ਜਿਸ ਤੋਂ ਬਾਅਦ ਇਸ ਵਿਚ ਫਸੇ 40 ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

(For more news apart from Uttarkashi Tunnel Collapse, stay tuned to Rozana Spokesman)