ਪਟਨਾ— ਬਿਹਾਰ ਦਾ ਪਟਨਾ ਸ਼ਹਿਰ ਰਾਤੋਂ-ਰਾਤ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪੋਸਟਰਾਂ ਨਾਲ ਭਰ ਗਿਆ। ਇਨ੍ਹਾਂ ਪੋਸਟਰਾਂ ਵਿਚ ਨਿਤੀਸ਼ ਕੁਮਾਰ ਨੂੰ ਲਾਪਤਾ ਦੱਸਿਆ ਗਿਆ। ਪੋਸਟਰਾਂ 'ਤੇ ਲਿਖਿਆ ਹੈ- ''ਗੂੰਗਾ, ਬਹਿਰਾ ਅਤੇ ਅੰਨ੍ਹਾ ਮੁੱਖ ਮੰਤਰੀ, ਲਾਪਤਾ।'' ਇਕ ਪੋਸਟਰ 'ਤੇ ਲਿਖਿਆ- ''ਧਿਆਨ ਨਾਲ ਦੇਖੋ
ਇਸ ਚਿਹਰੇ ਨੂੰ ਕਈ ਦਿਨਾਂ ਤੋਂ ਨਾ ਦਿਖਾਈ ਦਿੱਤਾ ਨਾ ਸੁਣਾਈ ਦਿੱਤਾ। ਲੱਭਣ ਵਾਲੇ ਦਾ ਬਿਹਾਰ ਹਮੇਸ਼ਾ ਧੰਨਵਾਦੀ ਰਹੇਗਾ।'' ਦਰਅਸਲ ਇਨ੍ਹਾਂ ਪੋਸਟਰਾਂ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐੱਨ. ਆਰ. ਸੀ.) 'ਤੇ ਨਿਤੀਸ਼ ਕੁਮਾਰ ਦੇ ਚੁੱਪ ਰਹਿਣ 'ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ।
ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਪੋਸਟਰ ਕਿਸ ਨੇ ਲਗਵਾਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) (ਜੇ. ਡੀ. ਯੂ.) ਨੇ ਸੰਸਦ ਦੇ ਦੋਹਾਂ ਸਦਨਾਂ 'ਚ ਨਾਗਰਿਕਤਾ ਸੋਧ ਬਿੱਲ ਦੇ ਪੱਖ 'ਚ ਵੋਟਾਂ ਪਾਈਆਂ।
ਇਸ ਨੂੰ ਲੈ ਕੇ ਪਾਰਟੀ ਅੰਦਰ ਹੀ ਵਿਰੋਧੀ ਸੂਰ ਉਠਣ ਲੱਗੇ ਹਨ। ਹਾਲਾਂਕਿ ਖੁਦ ਨਿਤੀਸ਼ ਕੁਮਾਰ ਨੇ ਅਧਿਕਾਰਤ ਰੂਪ ਤੋਂ ਇਸ ਬਿੱਲ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। ਜੇ. ਡੀ. ਯੂ. ਦੇ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਪਿਛਲੇ ਦਿਨੀਂ ਨਿਤੀਸ਼ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੁੱਖ ਮੰਤਰੀ (ਨਿਤੀਸ਼ ਕੁਮਾਰ) ਐੱਨ. ਆਰ. ਸੀ. ਦੇ ਪੱਖ 'ਚ ਨਹੀਂ ਹਨ।