ਸ਼ਿਲਪਾ ਸ਼ੈੱਟੀ ਦੇ ਰੇਸਤਰਾਂ ਉਤੇ ਕੰਮ ਦੇ ਸਮੇਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ
11 ਦਸੰਬਰ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਦੇਰ ਰਾਤ ਦੀਆਂ ਪਾਰਟੀਆਂ ਕੀਤੀਆਂ
ਬੈਂਗਲੁਰੂ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਸਹਿ-ਸਥਾਪਨਾ ਵਾਲੇ ਇਕ ਰੈਸਟੋਰੈਂਟ ਵਿਰੁਧ ਕਾਨੂੰਨੀ ਤੌਰ ਉਤੇ ਬੰਦ ਹੋਣ ਦੇ ਸਮੇਂ ਤੋਂ ਬਾਅਦ ਵੀ ਕੰਮ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਇੱਥੇ ਸੇਂਟ ਮਾਰਕਸ ਰੋਡ ਉਤੇ ਸਥਿਤ ਬੈਸਟਨ ਰੈਸਟੋਰੈਂਟ ਨੂੰ ਕਥਿਤ ਤੌਰ ਉਤੇ ਨਿਰਧਾਰਤ ਸਮੇਂ ਤੋਂ ਵੱਧ ਕੰਮ ਕਰਦੇ ਹੋਏ ਪਾਇਆ ਗਿਆ ਸੀ, ਜਿਸ ਨੇ 11 ਦਸੰਬਰ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਦੇਰ ਰਾਤ ਦੀਆਂ ਪਾਰਟੀਆਂ ਕੀਤੀਆਂ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਕ ਪੁਲਿਸ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ਉਤੇ 14 ਦਸੰਬਰ ਨੂੰ ਕਬਨ ਪਾਰਕ ਥਾਣੇ ਵਿਚ ਕਰਨਾਟਕ ਪੁਲਿਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਲਈ ਅਦਾਰੇ ਦੇ ਮੈਨੇਜਰ ਅਤੇ ਸਟਾਫ ਵਿਰੁਧ ਕੇਸ ਦਰਜ ਕੀਤਾ ਗਿਆ ਸੀ।
ਐਫ.ਆਈ.ਆਰ. ਅਨੁਸਾਰ, ਪੁਲਿਸ ਅਧਿਕਾਰੀ 11 ਦਸੰਬਰ ਨੂੰ ਥਾਣੇ ਦੀ ਹੱਦ ਵਿਚ ਵਿਸ਼ੇਸ਼ ਗਸ਼ਤ ਡਿਊਟੀ ਉਤੇ ਸੀ, ਅਤੇ ਇਕ ਮੁਖਬਰ ਦੀ ਜਾਣਕਾਰੀ ਤੋਂ ਬਾਅਦ, ਉਸ ਨੇ ਰੈਸਟੋਰੈਂਟ ਦਾ ਨਿਰੀਖਣ ਕੀਤਾ। ਐਫ.ਆਈ.ਆਰ. ’ਚ ਕਿਹਾ ਗਿਆ ਹੈ, ‘‘ਤੜਕੇ ਕਰੀਬ 1:30 ਵਜੇ ਜਦੋਂ ਸ਼ਿਕਾਇਤਕਰਤਾ ਨੇ ਰੇਸਤਰਾਂ ਦਾ ਦੌਰਾ ਕੀਤਾ, ਤਾਂ ਪਤਾ ਲੱਗਾ ਕਿ ਮੈਨੇਜਰ ਸਰਕਾਰ ਵਲੋਂ ਨਿਰਧਾਰਤ ਸਮੇਂ ਤੋਂ ਬਾਅਦ ਇਸ ਨੂੰ ਅਣਅਧਿਕਾਰਤ ਢੰਗ ਨਾਲ ਚਲਾ ਰਿਹਾ ਸੀ।’’