ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਨੇ 586 ਬੇਆਬਾਦ ਟਾਪੂਆਂ ਦੇ ਨਾਮਕਰਨ ਲਈ ਆਮ ਜਨਤਾ ਤੋਂ ਸੁਝਾਅ ਮੰਗੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਆਦਿਵਾਸੀ ਭਾਈਚਾਰਿਆਂ ਦੇ ਮੈਂਬਰਾਂ, ਸਾਬਕਾ ਫ਼ੌਜੀਆਂ, ਵਿਦਿਆਰਥੀਆਂ, ਅਧਿਆਪਕਾਂ, ਇਤਿਹਾਸਕਾਰਾਂ ਅਤੇ ਵਾਤਾਵਰਣ ਪ੍ਰੇਮੀਆਂ ਤੋਂ ਨਾਵਾਂ ਬਾਰੇ ਸੁਝਾਅ ਮੰਗੇ ਗਏ

ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਨੇ 586 ਬੇਆਬਾਦ ਟਾਪੂਆਂ ਦੇ ਨਾਮਕਰਨ ਲਈ ਆਮ ਜਨਤਾ ਤੋਂ ਸੁਝਾਅ ਮੰਗੇ 

ਸ੍ਰੀ ਵਿਜੈਪੁਰਮ : ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਟਾਪੂ ਸਮੂਹ ਦੇ 586 ਬੇ-ਆਬਾਦ ਟਾਪੂਆਂ ਦੇ ਨਾਮ ਸੁਝਾਉਣ ਲਈ ਕਿਹਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਕੇਂਦਰ ਸ਼ਾਸਿਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ ਕੁਲ 836 ਟਾਪੂ ਅਤੇ ਚੱਟਾਨਾਂ ਹਨ, ਜਿਨ੍ਹਾਂ ’ਚੋਂ ਸਿਰਫ 31 ਟਾਪੂਆਂ ’ਤੇ ਲੋਕ ਰਹਿੰਦੇ ਹਨ। 

ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਦੀ ਕਲਾ ਅਤੇ ਸਭਿਆਚਾਰ ਦੀ ਨਿਰਦੇਸ਼ਕ ਪ੍ਰਿਯੰਕਾ ਕੁਮਾਰੀ ਨੇ ਕਿਹਾ, ‘‘ਅਸੀਂ ਆਮ ਲੋਕਾਂ, ਆਦਿਵਾਸੀ ਭਾਈਚਾਰਿਆਂ ਦੇ ਮੈਂਬਰਾਂ, ਸਾਬਕਾ ਫ਼ੌਜੀਆਂ, ਵਿਦਿਆਰਥੀਆਂ, ਅਧਿਆਪਕਾਂ, ਇਤਿਹਾਸਕਾਰਾਂ ਅਤੇ ਵਾਤਾਵਰਣ ਪ੍ਰੇਮੀਆਂ ਤੋਂ ਨਾਵਾਂ ਬਾਰੇ ਸੁਝਾਅ ਮੰਗੇ ਹਨ। ਟਾਪੂ ਸਮੂਹ ਦੇ ਮੁਸ਼ਕਲ ਭੂਗੋਲਿਕ ਸੁਭਾਅ ਦੇ ਮੱਦੇਨਜ਼ਰ ਇਹ ਇਕ ਆਮ ਕੰਮ ਹੋਵੇਗਾ।’’ 

ਉਨ੍ਹਾਂ ਕਿਹਾ, ‘‘ਅਬਾਦੀ ਟਾਪੂਆਂ ਦੇ ਨਾਮ ਸਥਾਨਕ ਕਬਾਇਲੀ ਵਿਰਾਸਤ, ਸੁਤੰਤਰਤਾ ਸੈਨਾਨੀਆਂ, ਪ੍ਰਤਿਸ਼ਠਿਤ ਸ਼ਖਸੀਅਤਾਂ, ਸ਼ਹੀਦਾਂ, ਵਿਲੱਖਣ ਬਨਸਪਤੀ ਅਤੇ ਜੀਵ-ਜੰਤੂਆਂ, ਭੂਗੋਲਿਕ ਵਿਸ਼ੇਸ਼ਤਾਵਾਂ, ਕੌਮੀ ਮਹੱਤਵ ਦੀਆਂ ਇਤਿਹਾਸਕ ਘਟਨਾਵਾਂ ਜਾਂ ਕਿਸੇ ਹੋਰ ਢੁਕਵੇਂ ਵਿਸ਼ੇ ਨੂੰ ਦਰਸਾਉਂਦੇ ਹੋਣੇ ਚਾਹੀਦੇ ਹਨ।’’

ਕੁਮਾਰੀ ਨੇ ਕਿਹਾ, ‘‘ਇਨ੍ਹਾਂ ਸਾਰੇ 586 ਟਾਪੂਆਂ ਦੇ ਵਿਲੱਖਣ ਪਛਾਣ ਨੰਬਰ ਹਨ ਅਤੇ ਇਕ ਵਾਰ ਜਦੋਂ ਸਟੇਟ ਨੇਮਜ਼ ਅਥਾਰਟੀ ਵਲੋਂ ਨਾਵਾਂ ਨੂੰ ਅੰਤਮ ਰੂਪ ਦਿਤਾ ਜਾਂਦਾ ਹੈ, ਤਾਂ ਇਨ੍ਹਾਂ ਨੂੰ ਅੰਤਮ ਪ੍ਰਵਾਨਗੀ ਲਈ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਗ੍ਰਹਿ ਮੰਤਰਾਲਾ ਅਤੇ ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਸਾਂਝੇ ਤੌਰ ਉਤੇ ਇਨ੍ਹਾਂ 586 ਬੇਆਬਾਦ ਟਾਪੂਆਂ ਦੇ ਨਾਮ ਰਖਣਗੇ ਤਾਂ ਜੋ ਟਾਪੂ ਸਮੂਹ ਦੀ ਪ੍ਰਭੂਸੱਤਾ, ਸਭਿਆਚਾਰਕ ਪਛਾਣ ਅਤੇ ਇਤਿਹਾਸ ਨੂੰ ਸੁਰੱਖਿਅਤ ਰੱਖਿਆ ਜਾ ਸਕੇ। 

ਸਰਵੇ ਆਫ ਇੰਡੀਆ (ਐਸ.ਓ.ਆਈ.) ਇਸ ਪ੍ਰਕਿਰਿਆ ਵਿਚ ਸਮੁੰਦਰੀ ਸਰਹੱਦਾਂ ਦੇ ਸਰਵੇਖਣ, ਤਕਨੀਕੀ ਸਹਾਇਤਾ, ਮੈਪਿੰਗ ਅਤੇ ਹੱਦਬੰਦੀ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੀ ਸਹਾਇਤਾ ਕਰ ਰਿਹਾ ਹੈ। ਟਾਪੂਆਂ ਦੇ ਨਾਮ ਤੈਅ ਹੋਣ ਤੋਂ ਬਾਅਦ, ਐਸ.ਓ.ਆਈ. ਇਹ ਯਕੀਨੀ ਬਣਾਏਗੀ ਕਿ ਅਪਡੇਟ ਕੀਤੇ ਅਧਿਕਾਰਤ ਨਾਮ ਅਧਿਕਾਰਤ ਨਕਸ਼ਿਆਂ ਅਤੇ ਭੂਗੋਲਿਕ ਅੰਕੜਿਆਂ ਵਿਚ ਦਰਜ ਕੀਤੇ ਜਾਣ। 

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਕੁਲ ਜ਼ਮੀਨੀ ਖੇਤਰ ਲਗਭਗ 8,249 ਵਰਗ ਕਿਲੋਮੀਟਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਵਰੀ 2023 ਵਿਚ ‘ਪਰਾਕ੍ਰਮ ਦਿਵਸ’ (ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ) ਦੇ ਮੌਕੇ ਉਤੇ ਬਹਾਦਰ ਫ਼ੌਜੀਆਂ ਦੇ ਨਾਮ ਉਤੇ 21 ਟਾਪੂਆਂ ਦਾ ਨਾਮ ਰੱਖਿਆ ਸੀ।