ਫ਼ੌਜ ਅਧਿਕਾਰੀ ਦੇ ਬਿਆਨ 'ਤੇ ਬੋਲੇ ਉਮਰ, ਕਿਹਾ-ਅਤਿਵਾਦੀਆਂ ਨੂੰ ਮਾਰਨਾ ਖ਼ੁਸ਼ੀ ਦੀ ਗੱਲ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੈਫਟੀਨੈਂਟ ਜਨਰਲ ਦੇ ਬਿਆਨ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਨੇਤਾ ਉਮਰ ਅਬਦੁੱਲਾ ਨੇ ਅਸਹਿਮਤੀ ਪ੍ਰਗਟ ਕੀਤੀ ਹੈ।

Lt Gen Ranbir Singh

ਨਵੀਂ ਦਿੱਲੀ : ਭਾਰਤੀ ਫ਼ੌਜ ਨੇ ਬੀਤੇ ਦਿਨੀਂ ਐਲ.ਓ.ਸੀ 'ਤੇ ਪੰਜ ਪਾਕਿਸਤਾਨੀ ਫ਼ੌਜੀਆਂ ਨੂੰ ਮਾਰ ਦਿਤਾ। ਇਸ ਦੌਰਾਨ ਕੁਝ ਹੋਰ ਜਖ਼ਮੀ ਹੋ ਗਏ। ਇਸ ਘਟਨਾ 'ਤੇ ਉੱਤਰੀ ਕਮਾਨ ਦੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਸੀ ਕਿ ਇਹ ਦਿਖਾਉਂਦਾ ਹੈ ਕਿ ਸਾਡੀ ਫ਼ੌਜ ਹਮੇਸ਼ਾਂ ਇਕ ਕਦਮ ਅੱਗੇ ਰਹਿੰਦੀ ਹੈ ਅਤੇ ਸਰਹੱਦ 'ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਦਾ ਮੂੰਹ ਤੋੜ ਜਵਾਬ ਦੇਣ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਉਹਨਾਂ ਦਾ ਇਹ ਬਿਆਨ ਇਸ ਵੇਲ੍ਹੇ ਆਇਆ ਹੈ,

ਜਦ 778 ਕਿਲੋਮੀਟਰ ਲੰਮੀ ਐਲ.ਓ.ਸੀ. ਅਤੇ 198 ਕਿਲੋਮੀਟਰ ਦੀ ਅੰਤਰਰਾਸ਼ਟਰੀ ਸਰੱਹਦ 'ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਦੋਹਾਂ ਫ਼ੌਜਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਪਿਛਲੇ ਸਾਲ ਸਰਹੱਦ 'ਤੇ 1,600 ਵਾਰ ਜੰਗਬੰਦੀ ਦੀ ਉਲੰਘਣਾ ਹੋਈ। ਬੀਤੇ ਦਿਨੀਂ ਬੀਐਸਐਫ ਦੇ ਇਕ ਸਹਾਇਕ ਕਮਾਂਡਰ ਕਠੂਆ ਜ਼ਿਲ੍ਹੇ ਵਿਚ ਸ਼ਹੀਦ ਹੋ ਗਏ ਸਨ। ਉਥੇ ਹੀ ਭਾਰਤੀ ਫ਼ੌਜ ਦੇ ਜਵਾਨ ਜਿਸ ਵਿਚ ਮੇਜਰ ਵੀ ਸ਼ਾਮਲ ਹਨ, ਨੌਸ਼ਹਿਰਾ ਸੈਕਟਰ ਦੇ ਰਾਜੌਰੀ ਜ਼ਿਲ੍ਹੇ ਵਿਚ ਹੋਏ ਆਈਈਡੀ ਵਿਸਫੋਟ ਵਿਚ ਸ਼ਹੀਦ ਹੋ ਗਏ ਸਨ।

ਰਣਬੀਰ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਵੱਲੋਂ ਆਈਈਡੀ ਦੀ ਵਰਤੋਂ ਕਰਨਾ ਨਵੀਂ ਗੱਲ ਨਹੀਂ ਹੈ। ਸਮੇਂ-ਸਮੇਂ 'ਤੇ ਸਾਡੇ ਖੇਤਰ ਵਿਚ ਘੁਸਪੈਠ ਕਰਨ ਲਈ ਆਈਈਡੀ ਦੀ ਵਰਤੋਂ ਹੁੰਦੀ ਰਹਿੰਦੀ ਹੈ। ਪਰ ਅਸੀਂ ਇਸ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸੁਰੱਖਿਆ ਬਲਾਂ ਲਈ ਸਾਲ 2018 ਬਹੁਤ ਵਧੀਆ ਰਿਹਾ। 250 ਤੋਂ ਵੱਧ ਅਤਿਵਾਦੀਆਂ ਨੂੰ ਮਾਰਿਆ ਗਿਆ ਅਤੇ 54 ਨੂੰ ਜਿੰਦਾ ਫੜਿਆ ਗਿਆ।

ਲੈਫਟੀਨੈਂਟ ਜਨਰਲ ਦੇ ਇਸ ਬਿਆਨ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਨੇਤਾ ਉਮਰ ਅਬਦੁੱਲਾ ਨੇ ਅਸਹਿਮਤੀ ਪ੍ਰਗਟ ਕੀਤੀ ਹੈ। ਉਹਨਾਂ ਟਵੀਟ ਕਰ ਕੇ ਕਿਹਾ ਕਿ ਮਾਫ ਕਰਨਾ, ਮੈਂ ਤੁਹਾਡੀ ਇਸ ਗੱਲ ਨਾਲ ਅਸਹਿਮਤ ਹਾਂ।

 


 

ਵਧੀਆ ਸਾਲ ਤਾਂ ਹੋਵੇਗਾ ਜਦ ਕੋਈ ਨੌਜਵਾਨ ਫ਼ੌਜ ਵਿਚ ਭਰਤੀ ਨਹੀਂ ਹੋਵੇਗਾ। ਕੋਈ ਅਤਿਵਾਦੀ ਮਾਰਿਆ ਨਹੀਂ ਜਾਵੇਗਾ ਅਤੇ ਸੁਰੱਖਿਆਬਲ ਕਿਸੇ ਮੁਠਭੇੜ ਦੌਰਾਨ ਮਾਰੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਅਤਿਵਾਦੀਆਂ ਨੂੰ ਮਾਰਨ ਦੀ ਮਜ਼ਬੂਰੀ ਨੂੰ ਤਿਉਹਾਰ ਦੇ ਤੌਰ 'ਤੇ ਮਨਾਏ ਜਾਣ ਦੇ ਕਾਰਨ ਦੇ ਤੌਰ 'ਤੇ ਨਹੀਂ ਮੰਨਣਾ ਚਾਹੀਦਾ।