ਚੀਨ ਦੀ ਕਾਟ ਲਈ ਭਾਰਤ ਨੇ ਪੂਰਬੀ ਸਰਹੱਦ 'ਤੇ ਆਈਟੀਬੀਪੀ ਨੂੰ ਕੀਤਾ ਤਾਇਨਾਤ
ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਕਿਹਾ ਹੈ ਕਿ ਸਾਨੂੰ ਸਰਹੱਦ 'ਤੇ ਹੀ ਰਹਿਣਾ ਹੈ। ਇਹੋ ਕਾਰਨ ਹੈ ਕਿ ਕਮਾਨ ਨੂੰ ਅਗਾਊਂ ਜ਼ੋਨ ਵਿਚ ਭੇਜਿਆ ਜਾ ਰਿਹਾ ਹੈ।
ਜੰਮੂ : ਦੇਸ਼ ਦੀ ਪੂਰਬੀ ਸਰਹੱਦ 'ਤੇ ਚੀਨ ਦੀ ਫ਼ੌਜ ਦੀਆਂ ਗਤੀਵਿਧੀਆਂ ਦੀ ਕਾਟ ਲਈ ਕੇਂਦਰ ਸਰਕਾਰ ਨੇ ਭਾਰਤ ਤਿੱਬਤ ਬਾਰਡਰ ਪੁਲਿਸ ਦੀ ਰਣਨੀਤਕ ਕਮਾਨ ਨੂੰ ਚੰਡੀਗੜ੍ਹ ਤੋਂ ਜੰਮੂ-ਕਸ਼ਮੀਰ ਦੇ ਲੇਹ ਜਾਣ ਦਾ ਹੁਕਮ ਦੇ ਦਿਤਾ ਹੈ। ਕਮਾਨ ਨੂੰ ਮਾਰਚ ਦੇ ਆਖਰ ਤੱਕ ਪੂਰੀ ਟੀਮ ਅਤੇ ਸਾਜੋ ਸਮਾਨ ਦੇ ਨਾਲ ਲੇਹ ਪਹੁੰਚ ਕੇ 1 ਅਪ੍ਰੈਲ ਤੋਂ ਮੋਰਚਾ ਸੰਭਾਲਣ ਲਈ ਕਿਹਾ ਗਿਆ ਹੈ। ਇਸ ਸਬੰਧੀ ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਲੇਹ ਫ਼ੌਜ ਦਾ 14 ਕੋਰ ਦਾ ਬੇਸ ਹੈ ਜਿਸ ਦਾ ਮੁਖੀ ਲੈਫਟੀਨੈਂਟ ਜਨਰਲ ਰੈਂਕ ਦਾ ਅਧਿਕਾਰੀ ਹੁੰਦਾ ਹੈ।
ਆਈਟੀਬੀਪੀ ਦੇ ਉਥੇ ਪਹੁੰਚਣ 'ਤੇ ਦੋਹਾਂ ਫੋਰਸਾਂ ਵਿਚਾਲੇ ਰਣਨੀਤਕ ਅਤੇ ਰੱਖਿਆ ਯੋਜਨਾਵਾਂ ਨੂੰ ਲੈ ਕੇ ਬਿਹਤਰ ਗੱਲਬਾਤ ਹੋ ਸਕੇਗੀ। ਆਈਟੀਬੀਪੀ ਦੀ ਉਤਰ ਪੱਛਮੀ ਕਮਾਨ ਕੋਲ ਚੀਨ ਦੇ ਨਾਲ ਲਗਦੀ ਭਾਰਤ ਦੀ 3,488 ਕਿਮੀ ਲੰਮੀ ਸਰਹੱਦ ਦੀ ਪਹਿਰੇਦਾਰੀ ਦੀ ਜਿੰਮੇਵਾਰੀ ਰਹਿੰਦੀ ਹੈ। ਇਸ ਦਾ ਮੁਖੀ ਆਈਜੀ ਰੈਂਕ ਦਾ ਅਧਿਕਾਰੀ ਹੁੰਦਾ ਹੈ, ਜੋ ਫ਼ੌਜ ਦੇ ਮੇਜਰ ਜਨਰਲ ਦੇ ਬਰਾਬਰ ਹੁੰਦਾ ਹੈ। ਫ਼ੌਜ ਨੇ 1999 ਵਿਚ ਕਾਰਗਿਲ ਯੁੱਧ ਤੋਂ ਬਾਅਦ ਲੇਹ ਵਿਖੇ ਇਕ ਵਿਸ਼ੇਸ਼ ਕੋਰ ਸਥਾਪਤ ਕੀਤੀ ਸੀ,
ਜੋ ਲਗਾਤਾਰ ਆਈਟੀਬੀਪੀ ਨੂੰ ਚਲਾਉਣ ਦਾ ਨਿਯੰਤਰਣ ਮੰਗਦੀ ਰਹੀ ਹੈ। ਸਰਕਾਰ ਇਸ ਮੰਗ ਨੂੰ ਵਾਰ-ਵਾਰ ਖਾਰਜ ਕਰਦੀ ਰਹੀ। ਹੁਣ ਇਕ ਹੀ ਥਾਂ 'ਤੇ ਆਈਟੀਬੀਪੀ ਅਤੇ ਫ਼ੌਜ ਦੀ ਤੈਨਾਤੀ ਨਾਲ ਇਸ ਮੁੱਦੇ ਦਾ ਹੱਲ ਵੀ ਹੋ ਜਾਵੇਗਾ। ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਕਿਹਾ ਹੈ ਕਿ ਸਾਨੂੰ ਸਰਹੱਦ 'ਤੇ ਹੀ ਰਹਿਣਾ ਹੈ। ਇਹੋ ਕਾਰਨ ਹੈ ਕਿ ਕਮਾਨ ਨੂੰ ਅਗਾਊਂ ਜ਼ੋਨ ਵਿਚ ਭੇਜਿਆ ਜਾ ਰਿਹਾ ਹੈ।
ਗ੍ਰਹਿ ਮੰਤਰਾਲੇ ਨੇ 2015 ਵਿਚ ਹੀ ਇਸ ਰਣਨੀਤਕ ਕਦਮ ਦਾ ਮਤਾ ਤਿਆਰ ਕੀਤਾ ਸੀ, ਪਰ ਪ੍ਰਸ਼ਾਸਨਿਕ ਕਾਰਨਾਂ ਨਾਲ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਸਰਕਾਰ ਵੱਲੋਂ ਆਈਟੀਬੀਪੀ ਦੇ ਲਈ ਪ੍ਰਵਾਨ ਕੀਤੀ ਗਈ ਰੂਪਰੇਖਾ ਮੁਤਾਬਕ ਲੇਹ ਫਰੰਟੀਅਰ ਕੋਲ ਲੇਹ, ਸ਼੍ਰੀਨਗਰ ਅਤੇ ਚੰਡੀਗੜ੍ਹ ਸੈਕਟਰ ਹੋਣਗੇ। ਇਹਨਾਂ ਤਿੰਨਾਂ ਸੈਕਟਰਾਂ ਦਾ ਮੁਖੀ ਡੀਆਈਜੀ ਰੈਂਕ ਦਾ ਅਧਿਕਾਰੀ ਹੋਵੇਗਾ। ਹੁਣ ਤੱਕ ਲੇਹ ਵਿਚ ਆਈਟੀਬੀਪੀ ਦਾ ਇਕ ਸੈਕਟਰ ਹੈ।