ਮਿਸ਼ਨ ਗਗਨਯਾਨ : ਜਾਨਵਰਾਂ 'ਤੇ ਨਹੀਂ ਮਨੁੱਖੀ ਰੋਬੋਟ 'ਤੇ ਕੀਤੇ ਜਾਣਗੇ ਪ੍ਰਯੋਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸਰੋ ਦੇ ਚੇਅਰਮੈਨ ਕੇ ਸਿਵਾਨ ਨੇ ਦੱਸਿਆ ਕਿ ਅਸੀਂ ਜੋ ਰੋਬੋਟ ਭੇਜ ਰਹੇ ਹਾਂ ਉਹ ਇਕ ਵਿਅਕਤੀ ਤੋਂ ਜੋ ਚਾਹੇ ਕਰਵਾ ਸਕਦਾ ਹੈ।

ISRO chief: K Sivan

ਬੈਂਗਲੂਰੁ : ਭਾਰਤ ਦੇ ਪਹਿਲੇ ਪੁਲਾੜ ਮਿਸ਼ਨ ਗਗਨਯਾਨ ਦੇ ਲਈ ਇਸਰੋ ਕਿਸੇ ਜਾਨਵਰ 'ਤੇ ਪ੍ਰਯੋਗ ਨਹੀਂ ਕਰੇਗਾ। ਭਾਰਤੀ ਪੁਲਾੜ ਖੋਜ ਕੇਂਦਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 2022 ਤੱਕ ਸਾਡੀ ਯੋਜਨਾ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਹੈ। ਇਸ ਤੋਂ ਪਹਿਲਾਂ ਦੋ ਵਾਰ ਪ੍ਰਯੋਗ ਕੀਤੇ ਜਾਣਗੇ, ਜਿਸ ਦੇ ਲਈ ਮਨੁੱਖੀ ਰੋਬੋਟ ਦੀ ਵਰਤੋਂ ਕੀਤੀ ਜਾਵੇਗੀ। ਇਹ ਪ੍ਰਯੋਗ ਕਿਸੇ ਜਾਨਵਰ 'ਤੇ ਨਹੀਂ ਹੋਣਗੇ ਪਰ ਨਤੀਜਿਆਂ ਦੀ ਸਮੀਖਿਆ ਲਈ ਮਨੁੱਖੀ ਸੁਭਾਅ ਨਾਲ ਮਿਲਦੇ ਜੁਲਦੇ ਰੋਬੋਟ ਦੀ ਵਰਤੋਂ ਕੀਤੀ ਜਾਵੇਗੀ।

ਇਸਰੋ ਦੇ ਚੇਅਰਮੈਨ ਕੇ ਸਿਵਾਨ ਨੇ ਦੱਸਿਆ ਕਿ ਮਨੁੱਖ ਵਰਗਾ ਰੋਬੋਟ ਪੂਰੀ ਤਰ੍ਹਾਂ ਤਿਆਰ ਹੈ। ਸਿਵਾਨ ਨੇ ਕਿਹਾ ਕਿ ਸਾਡਾ ਮਿਸ਼ਨ ਸਾਡੇ ਲਈ ਸਿਰਫ ਅਪਣੀ ਸਮਰਥਾ ਨੂੰ ਦਿਖਾਉਣ ਦਾ ਮੌਕਾ ਹੀ ਨਹੀਂ ਹੈ ਸਗੋਂ ਸਾਡਾ ਟੀਚਾ ਪੁਲਾੜ ਯਾਤਰੀਆਂ ਨੂੰ ਭੇਜਣ ਦੇ ਨਾਲ ਹੀ ਉਹਨਾਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਵੀ ਹੈ। ਉਹਨਾਂ ਮਿਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਜੋ ਰੋਬੋਟ ਭੇਜ ਰਹੇ ਹਾਂ ਉਹ ਇਕ ਵਿਅਕਤੀ ਤੋਂ ਜੋ ਚਾਹੇ ਕਰਵਾ ਸਕਦਾ ਹੈ। ਉਸ ਸੱਭ ਕੁਝ ਕਰਨ ਵਿਚ ਸਮਰਥ ਹੋਵੇਗਾ।

ਹਾਲਾਂਕਿ ਇਸ ਨੂੰ 100 ਫ਼ੀ ਸਦੀ ਮਨੁੱਖੀ ਸਮਰਥਾ ਨਾਲ ਭਰਪੂਰ ਨਹੀਂ ਦੱਸ ਸਕਦੇ। ਸਾਡੀ ਪਹਿਲੀ ਕੋਸ਼ਿਸ਼ ਇਹੋ ਹੈ ਕਿ ਪਹਿਲੀ ਉਡਾਨ ਵੀ ਖਾਲੀ ਨਾ ਜਾਵੇ ਅਤੇ ਇਸ ਮੌਕੇ ਦੀ ਅਸੀਂ ਵੱਧ ਤੋਂ ਵੱਧ ਵਰਤੋਂ ਕਰ ਸਕੀਏ। ਇਸ ਦੇ ਲਈ ਅਸੀਂ ਅਪਣੇ ਤਰੀਕੇ ਨਾਲ ਤਿਆਰ ਕੀਤੇ ਗਏ ਮਨੱਖੀ ਰੋਬੋਟ ਦੀ ਵਰਤੋਂ ਕਰਾਂਗੇ। ਖ਼ਬਰਾਂ ਮੁਤਾਬਕ ਗਗਨਯਾਨ ਦੀ ਤਿਆਰੀ ਵਿਚ

ਇਸਰੋ 10 ਵੱਖ-ਵੱਖ ਤਰ੍ਹਾਂ ਦੇ ਮਹੱਤਵਪੂਰਨ ਟੈਸਟ ਕਰ ਰਿਹਾ ਹੈ। ਇਹਨਾਂ ਵਿਚ ਮੈਡੀਕਲ ਉਪਕਰਣਾਂ ਦੇ ਨਾਲ ਮਾਇਕਰੋਬਾਇਓਲੋਜੀ ਨਾਲ ਸਬੰਧਤ ਟੈਸਟ, ਏਅਰ ਫਿਲਟਰ ਅਤੇ ਬਾਇਓ ਸੈਂਸਰ ਜਿਹੇ ਟੈਸਟ ਸ਼ਾਮਲ ਹਨ। ਇਸ ਸਾਲ ਦੇ ਆਖਰ ਤੱਕ ਗਗਨਯਾਨ ਦੇ ਯਾਤਰੀਆਂ ਦੀ ਭਾਲ ਪੂਰੀ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।