INS ਰਣਵੀਰ 'ਚ ਹੋਇਆ ਧਮਾਕਾ, ਭਾਰਤੀ ਜਲ ਸੈਨਾ ਦੇ 3 ਜਵਾਨ ਸ਼ਹੀਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਦਸੇ 'ਚ ਕਰੀਬ 11 ਹੋਰ ਜਵਾਨਾਂ ਹੋਏ ਜ਼ਖ਼ਮੀ

INS Ranveer blast kills 3 Indian Navy personnel

ਮੁੰਬਈ : ਭਾਰਤੀ ਜਲ ਸੈਨਾ ਦੇ ਵਿਨਾਸ਼ਕਾਰੀ ਜਹਾਜ਼ ਆਈ.ਐੱਨ.ਐੱਸ. ਰਣਵੀਰ 'ਚ ਜਬਰਦਸਤ ਧਮਾਕਾ ਹੋਇਆ ਅਤੇ ਇਸ ਦੌਰਾਨ ਨੇਵੀ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਸ ਤੋਂ ਇਲਾਵਾ ਹਾਦਸੇ 'ਚ ਕਰੀਬ 11 ਹੋਰ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ ਜਿਨ੍ਹਾਂ ਦਾ ਸਥਾਨਕ ਜਲ ਸੈਨਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।

ਭਾਰਤੀ ਨੇਵੀ ਦੇ ਅਧਿਕਾਰੀ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੇਵਲ ਡਾਕਯਾਰਡ ਮੁੰਬਈ 'ਤੇ ਅੱਜ ਇਕ ਮੰਦਭਾਗੀ ਘਟਨਾ ਵਾਪਰੀ। ਆਈ.ਐੱਨ.ਐੱਸ. ਰਣਵੀਰ ਦੇ ਇਕ ਅੰਦਰੂਨੀ ਕੰਪਾਰਟਮੈਂਟ 'ਚ ਧਮਾਕਾ ਹੋਣ ਨਾਲ ਨੇਵੀ ਦੇ 3 ਜਵਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਅਨੁਸਾਰ ਇਸ ਹਾਦਸੇ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੇ ਸਥਿਤੀ ਨੂੰ ਤੁਰੰਤ ਕਾਬੂ ਕਰ ਲਿਆ।  

ਦੱਸ ਦੇਈਏ ਕਿ ਆਈ.ਐੱਨ.ਐੱਸ. ਰਣਵੀਰ ਪੂਰਬੀ ਨੇਵੀ ਕਮਾਨ ਤੋਂ ਕ੍ਰਾਸ ਕੋਸਟ ਆਪਰੇਸ਼ਨ ਤਾਇਨਾਤੀ 'ਤੇ ਸੀ ਅਤੇ ਜਲਦ ਹੀ ਬੇਸ ਪੋਰਟ 'ਤੇ ਵਾਪਸ ਮੁੜਨ ਵਾਲਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਧਮਾਕੇ ਦਾ ਹਥਿਆਰਾਂ ਜਾਂ ਗੋਲਾ ਬਾਰੂਦ ਦੇ ਧਮਾਕੇ ਨਾਲ ਕੋਈ ਸਬੰਧ ਨਹੀਂ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ ਇਨਕੁਆਰੀ ਦੇ ਹੁਕਮ ਵੀ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜ ਰਾਜਪੂਤ-ਸ਼੍ਰੇਣੀ ਦੇ ਵਿਨਾਸ਼ਕਾਂ ਵਿਚੋਂ ਚੌਥਾ, INS ਰਣਵੀਰ ਨੂੰ 28 ਅਕਤੂਬਰ, 1986 ਨੂੰ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ ਸੀ।