ਗੁਡੀਆ ਜਬਰ ਜਨਾਹ ਅਤੇ ਕਤਲ ਮਾਮਲਾ : ਸੀ.ਬੀ.ਆਈ. ਅਦਾਲਤ ਨੇ ਹਿਰਾਸਤੀ ਮੌਤ ਦੇ ਮਾਮਲੇ ’ਚ 8 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਜ਼ਾ 27 ਜਨਵਰੀ, 2025 ਨੂੰ ਸੁਣਾਈ ਜਾਵੇਗੀ

ZH Zaidi

ਚੰਡੀਗੜ੍ਹ : ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਜੱਜ ਅਲਕਾ ਮਲਿਕ ਦੀ ਪ੍ਰਧਾਨਗੀ ਹੇਠ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਬਦਨਾਮ ਗੁੜੀਆ ਜਬਰ ਜਨਾਹ ਅਤੇ ਕਤਲ ਕੇਸ ਦੇ ਦੋਸ਼ੀ ਸੂਰਜ ਦੀ ਹਿਰਾਸਤੀ ਮੌਤ ਦੇ ਮਾਮਲੇ ’ਚ 8 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿਤਾ ਹੈ। ਦੋਸ਼ੀ ਠਹਿਰਾਏ ਗਏ ਅਧਿਕਾਰੀਆਂ ’ਚ ਹਿਮਾਚਲ ਪ੍ਰਦੇਸ਼ ਦੇ ਤਤਕਾਲੀ ਆਈ.ਜੀ.ਪੀ. ਸ਼ਿਮਲਾ ਹਜ਼ੂਰ ਹੈਦਰ ਜ਼ਾਇਦੀ, ਮਨੋਜ ਜੋਸ਼ੀ, ਤਤਕਾਲੀ ਡੀ.ਐਸ.ਪੀ. ਥੀਓਗ, ਰਜਿੰਦਰ ਸਿੰਘ ਤਤਕਾਲੀ ਐਸ.ਆਈ./ਐਸ.ਐਚ.ਓ. ਪੁਲਿਸ ਸਟੇਸ਼ਨ ਕੋਟਖਾਈ, ਦੀਪ ਚੰਦ ਤਤਕਾਲੀ ਏ.ਐਸ.ਆਈ., ਪੀ.ਐਸ. ਕੋਟਖਾਈ, ਮੋਹਨ ਲਾਲ, ਤਤਕਾਲੀ ਹੈੱਡ ਕਾਂਸਟੇਬਲ ਸੂਰਤ ਸਿੰਘ, ਉਸ ਸਮੇਂ ਦੇ ਹੈੱਡ ਕਾਂਸਟੇਬਲ ਰਫੀ ਮੁਹੰਮਦ ਅਤੇ ਤਤਕਾਲੀ ਕਾਂਸਟੇਬਲ ਰਣਜੀਤ ਸਟੇਟਾ ਸ਼ਾਮਲ ਹਨ।

ਅਦਾਲਤ ਨੇ ਅਧਿਕਾਰੀਆਂ ਨੂੰ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਪਾਇਆ, ਜਿਨ੍ਹਾਂ ਵਿਚ 120ਬੀ (ਅਪਰਾਧਕ ਸਾਜ਼ਸ਼), 302 (ਕਤਲ), 330 (ਇਕਬਾਲੀਆ ਬਿਆਨ ਦੇਣ ਲਈ ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 348 (ਇਕਬਾਲੀਆ ਬਿਆਨ ਦੇਣ ਲਈ ਗਲਤ ਤਰੀਕੇ ਨਾਲ ਕੈਦ ਕਰਨਾ), 218 (ਵਿਅਕਤੀ ਨੂੰ ਸਜ਼ਾ ਤੋਂ ਬਚਾਉਣ ਦੇ ਇਰਾਦੇ ਨਾਲ ਗਲਤ ਰੀਕਾਰਡ ਬਣਾਉਣਾ ਜਾਂ ਲਿਖਣਾ), 195 (ਉਮਰ ਕੈਦ ਜਾਂ ਕੈਦ ਦੀ ਸਜ਼ਾ ਵਾਲੇ ਅਪਰਾਧ ਨੂੰ ਦੋਸ਼ੀ ਠਹਿਰਾਉਣ ਦੇ ਇਰਾਦੇ ਨਾਲ ਝੂਠੇ ਸਬੂਤ ਦੇਣਾ ਜਾਂ ਤਿਆਰ ਕਰਨਾ) ਸ਼ਾਮਲ ਹਨ। 196 (ਝੂਠੇ ਵਜੋਂ ਜਾਣੇ ਜਾਂਦੇ ਸਬੂਤਾਂ ਦੀ ਵਰਤੋਂ ਕਰਨਾ), ਅਤੇ 201 (ਅਪਰਾਧ ਦੇ ਸਬੂਤ ਨੂੰ ਗਾਇਬ ਕਰਨਾ, ਜਾਂ ਅਪਰਾਧੀ ਨੂੰ ਗਲਤ ਜਾਣਕਾਰੀ ਦੇਣਾ)। ਸਜ਼ਾ ਦੀ ਮਾਤਰਾ 27 ਜਨਵਰੀ, 2025 ਨੂੰ ਸੁਣਾਈ ਜਾਵੇਗੀ। 

ਇਹ ਮਾਮਲਾ ਜੁਲਾਈ 2017 ਦਾ ਹੈ, ਜਦੋਂ ਸ਼ਿਮਲਾ ਦੇ ਹੈਲੈਲਾ ਜੰਗਲ ’ਚ ਇਕ ਨਾਬਾਲਗ ਲੜਕੀ ਦੀ ਲਾਸ਼ ਮਿਲੀ ਸੀ, ਜਿਸ ਨੂੰ ਗੁਡੀਆ ਕਿਹਾ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ ’ਚ ਸੂਰਜ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ, ਸੂਰਜ ਦੀ ਕਥਿਤ ਤਸ਼ੱਦਦ ਕਾਰਨ ਪੁਲਿਸ ਹਿਰਾਸਤ ’ਚ ਮੌਤ ਹੋ ਗਈ। ਸੀ.ਬੀ.ਆਈ. ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਾਂਚ ਅਪਣੇ ਹੱਥ ’ਚ ਲੈ ਲਈ ਅਤੇ ਪਾਇਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਪੁਲਿਸ ਨੇ ਝੂਠਾ ਫਸਾਇਆ ਸੀ। 

ਗੁਡੀਆ ਜਬਰ ਜਨਾਹ ਅਤੇ ਕਤਲ ਮਾਮਲੇ ਦੇ ਇਕਲੌਤੇ ਮੁਲਜ਼ਮ ਅਨਿਲ ਉਰਫ਼ ਨੀਲੂ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ ਨਿਰਪੱਖ ਅਤੇ ਤੇਜ਼ੀ ਨਾਲ ਸੁਣਵਾਈ ਲਈ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਸ਼ਿਮਲਾ ਤੋਂ ਚੰਡੀਗੜ੍ਹ ਤਬਦੀਲ ਕਰ ਦਿਤੀ ਸੀ।