ਜੰਮੂ-ਕਸ਼ਮੀਰ: ਕਿਸ਼ਤਵਾੜ ’ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸੱਤ ਜਵਾਨ ਜ਼ਖਮੀ
ਕਿਸ਼ਤਵਾੜ ਦੇ ਸੋਨਾਰ ’ਚ ਅਪਰੇਸ਼ਨ ਤ੍ਰਾਸ਼ੀ-1 ਜਾਰੀ
ਜੰਮੂ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਇਕ ਦੂਰ-ਦੁਰਾਡੇ ਜੰਗਲ ਵਾਲੇ ਇਲਾਕੇ ’ਚ ਅਤਿਵਾਦੀਆਂ ਨਾਲ ਹੋਈ ਗੋਲੀਬਾਰੀ ’ਚ ਸੱਤ ਜਵਾਨ ਜ਼ਖਮੀ ਹੋ ਗਏ। ਅਤਿਵਾਦੀਆਂ ਨੂੰ ਬੇਅਸਰ ਕਰਨ ਲਈ ਮਜ਼ਬੂਤ ਤਾਇਨਾਤੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਜੰਮੂ ਸਥਿਤ ਫੌਜ ਦੀ ਵ੍ਹਾਈਟ ਨਾਈਟ ਕੋਰ ਦੀ ਮੁਹਿੰਮ ਦੁਪਹਿਰ ਦੇ ਕਰੀਬ ਸ਼ੁਰੂ ਹੋਈ, ਜਿਸ ਨੂੰ ‘ਆਪਰੇਸ਼ਨ ਟਰਾਸ਼ੀ-1’ ਦਾ ਨਾਮ ਦਿਤਾ ਹੈ।
‘ਐਕਸ’ ਉਤੇ ਇਕ ਪੋਸਟ ’ਚ ਵ੍ਹਾਈਟ ਨਾਈਟ ਕੋਰ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਨਾਲ ਮਿਲ ਕੇ ਅਤਿਵਾਦ ਵਿਰੋਧੀ ਸਾਂਝੇ ਅਭਿਆਸਾਂ ਦੇ ਹਿੱਸੇ ਵਜੋਂ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲ ਚਤਰੂ ਦੇ ਉੱਤਰ-ਪੂਰਬ ’ਚ ਸੋਨਾਰ ਦੇ ਜਨਰਲ ਇਲਾਕੇ ’ਚ ਅਤਿਵਾਦੀਆਂ ਦੇ ਸੰਪਰਕ ’ਚ ਆਏ ਸਨ। ਫੌਜ ਨੇ ਕਿਹਾ, ‘‘ਘੇਰਾਬੰਦੀ ਨੂੰ ਮਜ਼ਬੂਤ ਕਰਨ ਲਈ ਵਾਧੂ ਬਲਾਂ ਨਾਲ ਕਾਰਵਾਈ ਜਾਰੀ ਹੈ।’’
ਅਧਿਕਾਰੀਆਂ ਮੁਤਾਬਕ ਤਲਾਸ਼ੀ ਟੀਮ ਵਿਚੋਂ ਇਕ ਨੂੰ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਨਾਲ ਸਬੰਧਤ ਦੋ-ਤਿੰਨ ਵਿਦੇਸ਼ੀ ਅਤਿਵਾਦੀਆਂ ਦਾ ਇਕ ਸਮੂਹ ਮਿਲਿਆ, ਜਿਨ੍ਹਾਂ ਨੇ ਘੇਰਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ’ਚ ਅੰਨ੍ਹੇਵਾਹ ਫਾਇਰ ਕੀਤਾ ਅਤੇ ਕੁੱਝ ਗ੍ਰਨੇਡ ਵੀ ਸੁੱਟੇ।
ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਫੌਜ, ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਅਤੇ ਪੁਲਿਸ ਦੀ ਫੋਰਸ ਨੂੰ ਘੇਰਾਬੰਦੀ ਨੂੰ ਹੋਰ ਸਖਤ ਕਰਨ ਲਈ ਭੇਜਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਕੁੱਝ ਸਮੇਂ ਤਕ ਦੋਹਾਂ ਧਿਰਾਂ ਵਿਚਾਲੇ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ।
ਤਿੰਨ ਫ਼ੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਲਈ ਵੱਡੇ ਪੱਧਰ ਉਤੇ ਤਲਾਸ਼ੀ ਮੁਹਿੰਮ ਜਾਰੀ ਹੈ। ਮੁਹਿੰਮ ਨੂੰ ਤੇਜ਼ ਕਰਨ ਲਈ ਡਰੋਨ ਅਤੇ ਸੁੰਘਣ ਵਾਲੇ ਕੁੱਤਿਆਂ ਸਮੇਤ ਉੱਨਤ ਨਿਗਰਾਨੀ ਉਪਕਰਣ ਤਾਇਨਾਤ ਕੀਤੇ ਗਏ ਹਨ।
ਇਸ ਸਾਲ ਜੰਮੂ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਇਹ ਤੀਜਾ ਮੁਕਾਬਲਾ ਹੈ। ਕਠੂਆ ਜ਼ਿਲ੍ਹੇ ਦੇ ਬਿੱਲਾਵਰ ਇਲਾਕੇ ’ਚ ਕਾਹੋਗ ਅਤੇ ਨਜੋਤ ਜੰਗਲਾਂ ’ਚ ਕ੍ਰਮਵਾਰ 7 ਅਤੇ 13 ਜਨਵਰੀ ਨੂੰ ਮੁਕਾਬਲੇ ਹੋਏ ਸਨ।