ਅਰੁਣਾਚਲ ਪ੍ਰਦੇਸ਼ 'ਚ ਕੇਰਲ ਦੇ ਦੋ ਸੈਲਾਨੀਆਂ ਦੀ ਮੌਤ, ਜੰਮੀ ਝੀਲ 'ਚ ਫਿਸਲ ਕੇ ਡੁੱਬੇ ਦੋਵੇਂ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਦੀ ਪਛਾਣ ਦੀਨੂੰ (26) ਅਤੇ ਮਹਾਦੇਵ (24) ਵਜੋਂ ਹੋਈ

Two Kerala tourists die in Arunachal Pradesh

ਈਟਾਨਗਰ: ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ’ਚ ਜੰਮੀ ਹੋਈ ਸੇਲਾ ਝੀਲ ’ਚ ਦੋ ਨੌਜੁਆਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਕੇਰਲ ਤੋਂ ਆਏ ਸਨ। ਮਿ੍ਰਤਕਾਂ ਦੀ ਪਛਾਣ ਦੀਨੂੰ (26) ਅਤੇ ਮਹਾਦੇਵ (24) ਵਜੋਂ ਹੋਈ ਹੈ। ਉਹ ਸੱਤ ਮੈਂਬਰੀ ਸੈਲਾਨੀ ਸਮੂਹ ਦਾ ਹਿੱਸਾ ਸਨ ਜੋ ਗੁਹਾਟੀ ਦੇ ਰਸਤੇ ਤਵਾਂਗ ਪਹੁੰਚੇ ਸਨ।

 ਇਹ ਘਟਨਾ ਸ਼ੁਕਰਵਾਰ ਦੁਪਹਿਰ ਨੂੰ ਵਾਪਰੀ ਜਦੋਂ ਸਮੂਹ ਦਾ ਇਕ ਮੈਂਬਰ ਜੰਮੀ ਹੋਈ ਝੀਲ ਵਿਚ ਖਿਸਕ ਗਿਆ ਅਤੇ ਡੁੱਬਣ ਲੱਗਾ। ਦੀਨੂੰ ਅਤੇ ਮਹਾਦੇਵ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਝੀਲ ਵਿਚ ਦਾਖਲ ਹੋਏ। ਤੀਜਾ ਸੈਲਾਨੀ ਸੁਰੱਖਿਅਤ ਬਾਹਰ ਆਉਣ ’ਚ ਕਾਮਯਾਬ ਹੋ ਗਿਆ, ਜਦਕਿ ਦੋਵੇਂ ਬਰਫੀਲੇ ਪਾਣੀ ’ਚ ਵਹਿ ਗਏ।

ਐਸ.ਪੀ. ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ੁਕਰਵਾਰ ਦੁਪਹਿਰ 3 ਵਜੇ ਦੇ ਕਰੀਬ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ, ਕੇਂਦਰੀ ਬਲਾਂ ਅਤੇ ਰਾਜ ਆਫ਼ਤ ਪ੍ਰਬੰਧਨ ਬਲ (ਐਸ.ਡੀ.ਆਰ.ਐਫ.) ਨੂੰ ਸ਼ਾਮਲ ਕਰਦੇ ਹੋਏ ਇਕ ਸਾਂਝਾ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ। ਥੋਂਗਨ ਨੇ ਕਿਹਾ ਕਿ ਸੇਲਾ ਝੀਲ ਅਤੇ ਹੋਰ ਸੈਰ-ਸਪਾਟਾ ਸਥਾਨਾਂ ਉਤੇ ਚੇਤਾਵਨੀ ਸਾਈਨ ਬੋਰਡ ਲਗਾਏ ਗਏ ਹਨ, ਜੋ ਸਪੱਸ਼ਟ ਤੌਰ ਉਤੇ ਸੈਲਾਨੀਆਂ ਨੂੰ ਜੰਮੀਆਂ ਹੋਈਆਂ ਝੀਲਾਂ ਉਤੇ ਨਾ ਚੱਲਣ ਦੀ ਸਲਾਹ ਦਿੰਦੇ ਹਨ।

13,000 ਫੁੱਟ ਤੋਂ ਵੱਧ ਦੀ ਉਚਾਈ ਉਤੇ ਸਥਿਤ, ਸੇਲਾ ਝੀਲ ਇਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ ਪਰ ਬਹੁਤ ਜ਼ਿਆਦਾ ਠੰਡ ਅਤੇ ਨਾਜ਼ੁਕ ਬਰਫ ਦੇ ਢੱਕਣ ਕਾਰਨ ਸਰਦੀਆਂ ਦੌਰਾਨ ਮਹੱਤਵਪੂਰਨ ਜੋਖਮ ਪੈਦਾ ਕਰਦੀ ਹੈ। ਮਿ੍ਰਤਕਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿਤੀਆਂ ਜਾਣਗੀਆਂ।     (ਪੀਟੀਆਈ)