ਮੁੰਬਈ ਹਮਲੇ ਸਬੰਧੀ ਸਨਸਨੀਖੇਜ਼ ਖ਼ੁਲਾਸੇ : ਭਾਜਪਾ ਨੂੰ ਮਿਲਿਆ ਕਾਂਗਰਸ ਨੂੰ ਘੇਰਣ ਦਾ ਮੁੱਦਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਨੇ ਕਿਤਾਬ 'ਚ ਖੋਲ੍ਹੇ ਭੇਤ

file photo

ਨਵੀਂ ਦਿੱਲੀ : ਮੁੰਬਈ ਵਿਖੇ ਵਾਪਰੇ 26/11 ਦੇ ਅਤਿਵਾਦੀ ਹਮਲੇ ਸਬੰਧੀ ਇਕ ਹੋਰ ਨਵੀਂ ਕਿਤਾਬ ਵਿਚ ਅਹਿਮ ਇਕਸਾਫ਼ ਹੋਣ ਬਾਅਦ ਸਿਆਸਤ ਮੁੜ ਗਰਮਾ ਗਈ ਹੈ। ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਕੇਸ਼ ਮਾਰੀਆ ਨੇ ਅਪਣੀ ਕਿਤਾਬ 'ਚ ਮੁੰਬਈ ਹਮਲੇ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਅਪਣੀ ਕਿਤਾਬ 'ਲੈੱਟ ਮੀ ਸੇ ਇਟ ਨਾਓ' ਵਿਚ ਲਿਖਿਆ ਹੈ ਕਿ ਜੇਕਰ ਲਸ਼ਕਰ ਦਾ ਪਲਾਨ ਸਫ਼ਲ ਹੋ ਜਾਂਦਾ ਤਾਂ ਸਾਰੇ ਅਖ਼ਬਾਰ ਅਤੇ ਟੀਵੀ ਚੈਨਲਾਂ 'ਤੇ 'ਹਿੰਦੂ ਅਤਿਵਾਦ' ਦੇ ਸਿਰਲੇਖ ਨਜ਼ਰ ਆਉਣੇ ਸਨ।

ਕਿਤਾਬ ਵਿਚ ਕੀਤੇ ਇਕਸਾਫ਼ ਅਨੁਸਾਰ 26 ਨਵੰਬਰ, 2008 ਦੇ ਮੁੰਬਈ ਹਮਲੇ 'ਚ ਸ਼ਾਮਲ ਪਾਕਿਸਤਾਨੀ ਅਤਿਵਾਦੀ ਮੁਹੰਮਦ ਅਜਮਲ ਆਮਿਰ ਕਸਾਬ ਜੇਕਰ ਮੌਕੇ 'ਤੇ ਹੀ ਮਾਰਿਆ ਜਾਂਦਾ ਤਾਂ ਅੱਜ ਦੁਨੀਆ ਇਸ ਘਟਨਾ ਨੂੰ ਸ਼ਾਇਦ ਹਿੰਦੂ ਅਤਿਵਾਦ ਮੰਨ ਰਹੀ ਹੁੰਦੀ। 26/11 ਹਮਲੇ ਨੂੰ ਅੰਜਾਮ ਦੇਣ ਵਾਲਾ ਪਾਕਿਸਤਾਨੀ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਅਬਾ ਨੇ ਇਸ ਨੂੰ ਭਾਰਤ ਦੇ ਹੀ ਹਿੰਦੂਆਂ ਵਲੋਂ ਕੀਤੇ ਗਏ ਅਤਿਵਾਦੀ ਹਮਲੇ ਦਾ ਰੂਪ ਦੇਣ ਦੀ ਬੇਹੱਦ ਖ਼ਤਰਨਾਕ ਸਾਜ਼ਿਸ਼ ਰਚੀ ਸੀ।

ਇਸ ਕਿਤਾਬ ਵਿਚਲੇ ਇਕਸਾਫ਼ਾਂ ਤੋਂ ਬਾਅਦ ਹੁਣ ਇਸ 'ਤੇ ਸਿਆਸਤ ਗਰਮਾ ਗਈ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਨੇ ਹਿੰਦੂ ਅਤਿਵਾਦ ਦੇ ਨਾਮ 'ਤੇ ਦੇਸ਼ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।  ਇਸ ਦਾ ਖਮਿਆਜ਼ਾ ਕਾਂਗਰਸ ਨੂੰ ਸੰਨ 2014 ਅਤੇ 2019 'ਚ ਭੁਗਤਣਾ ਪਿਆ ਜਦੋਂ ਜਨਤਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰ ਦਿਤਾ ਸੀ। ਮਾਰੀਆ ਦੀ ਕਿਤਾਬ 'ਤੇ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਗੱਲਾਂ ਉਨ੍ਹਾਂ ਨੂੰ ਉਦੋਂ ਬੋਲਣੀਆਂ ਚਾਹੀਦੀਆਂ ਸਨ, ਜਦੋਂ ਉਹ ਪੁਲਿਸ ਕਮਿਸ਼ਨਰ ਸਨ। ਗੋਇਲ ਨੇ ਸਵਾਲ ਕੀਤਾ ਕਿ ਮਾਰੀਆ ਨੇ ਇ ਸਾਰੀਆਂ ਗੱਲਾਂ ਹੁਣ ਹੀ ਕਿਉਂ ਆਖੀਆਂ?

ਉਨ੍ਹਾਂ ਕਿਹਾ ਕਿ ਅਸਲ 'ਚ ਸਰਵਿਸ ਰੂਲਜ਼ 'ਚ ਜੇਕਰ ਕੋਈ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਕੋਲ ਹੈ ਤਾਂ ਉਨ੍ਹਾਂ ਦੇ ਉਸ 'ਤੇ ਐਕਸ਼ਨ ਲੈਣਾ ਚਾਹੀਦਾ ਸੀ। ਮੇਰੇ ਖ਼ਿਆਲ ਨਾਲ ਬਹੁਤ ਡੂੰਘੀ ਸਾਜ਼ਿਸ਼ ਰਚੀ ਗਈ ਸੀ। ਮੈਂ ਸਮਝਦਾ ਹਾਂ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ। ਟੈਰੇਰਿਸਟ, ਟੈਰੇਰਿਸਟ ਹੁੰਦਾ ਹੈ ਅਤੇ ਝੂਠੇ ਦੋਸ਼ਾਂ 'ਤੇ ਕੁਝ ਲੋਕਾਂ ਨੂੰ ਜੋ ਫਸਾਉਣ ਦੀ ਕੋਸ਼ਿਸ਼ ਕਾਂਗਰਸ ਨੇ ਕੀਤੀ ਸੀ, ਉਸ ਦੀ ਸਾਡੀ ਸਰਕਾਰ ਘੋਰ ਨਿੰਦਿਆ ਕਰਦੀ ਹੈ।

ਮਾਰੀਆ ਦੀ ਕਿਤਾਬ 'ਤੇ ਭਾਜਪਾ ਨੇਤਾ ਰਾਮ ਮਾਧਵ ਨੇ ਕਿਹਾ ਕਿ ਕਿਤਾਬ ਦੇ ਜ਼ਰੀਏ ਇਕ ਵੱਡਾ ਖ਼ੁਲਾਸਾ ਹੋਇਆ ਹੈ। ਜਿਵੇਂ ਕਿ ਇਸ 'ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਆਈਐੱਸਆਈ ਵਲੋਂ ਘੜੀ ਗਈ ਸਾਜ਼ਿਸ਼ ਸਫ਼ਲ ਨਹੀਂ ਹੋ ਸਕੀ, ਪਰ ਕੁਝ ਕਾਂਗਰਸੀ ਆਗੂਆਂ ਅਤੇ ਹੋਰ ਲੋਕਾਂ ਵਲੋਂ ਇਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਉਸ ਸਮੇਂ ਕੀਤੀ ਗਈ ਸੀ।