2020 ਵਿਚ ਹਰ ਥਾਂ ਲੋਕਾਂ ਨੂੰ 'ਨਾਨੀ ਯਾਦ' ਕਰਵਾਏਗੀ ਗਰਮੀ: ਸ਼ੁਰੂਆਤ 'ਚ ਹੀ ਟੁੱਟਿਆ ਰਿਕਾਰਡ!

ਏਜੰਸੀ

ਖ਼ਬਰਾਂ, ਰਾਸ਼ਟਰੀ

ਛੇਤੀ ਹੀ ਪਾਰਾ 45 ਡਿਗਰੀ ਤਕ ਪੁੱਜਣ ਦੇ ਆਸਾਰ

file photo

ਨਵੀਂ ਦਿੱਲੀ : ਪਲ ਪਲ ਬਦਲ ਰਹੇ ਮੌਸਮ ਦੇ ਮਿਜ਼ਾਜ ਨੇ ਇਕ ਵਾਰ ਫਿਰ ਗਲੋਬਲ ਵਾਰਮਿੰਗ ਦੇ ਪ੍ਰਭਾਵ ਵੱਲ ਧਿਆਨ ਖਿਚਿਆ ਹੈ। ਇਸ ਨੂੰ ਸਾਲ 2020 ਵਿਚ ਵਧੇਰੇ ਗਰਮੀ ਪੈਣ ਦੇ ਸੰਕੇਤਕ ਸ਼ੰਕਿਆਂ ਵਜੋਂ ਵੀ ਵੇਖਿਆ ਜਾ ਰਿਹਾ ਹੈ। ਇਸ ਦਾ ਪ੍ਰਭਾਵ ਦਿੱਲੀ ਐਨਸੀਆਰ ਸਮੇਤ ਪੂਰੇ ਦੇਸ਼ ਅੰਦਰ ਵੇਖਣ ਨੂੰ ਮਿਲ ਰਿਹਾ ਹੈ। ਦਿੱਲੀ ਐਨਸੀਆਰ ਵਿਚ ਹਫ਼ਤੇ ਦੇ ਸ਼ੁਰੂ ਵਿਚ ਹੀ ਗਰਮੀ ਨੇ ਅਪਣੀ ਹਾਜ਼ਰੀ ਲਗਵਾ ਦਿਤੀ ਹੈ।  

ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿਚ ਗਰਮੀ 'ਚ ਵਾਧਾ ਹੋਣ ਦੇ ਨਾਲ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਵੱਡੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਮੁਢਲੇ ਅੰਦਾਜ਼ਿਆਂ ਮੁਤਾਬਕ ਸਾਲ 2020 ਵਿਚ ਗਰਮੀ ਅਪਣਾ ਵਿਕਰਾਲ ਰੂਪ ਵਿਖਾ ਸਕਦੀ ਹੈ, ਜਿਸ ਦੇ ਤਹਿਤ ਛੇਤੀ ਹੀ ਤਾਪਮਾਨ 45 ਡਿਗਰੀ ਤਕ ਪਹੁੰਚ ਸਕਦਾ ਹੈ।

ਟੁੱਟ ਚੁੱਕੈ 8 ਸਾਲ ਦਾ ਰਿਕਾਰਡ : ਬੀਤੀ 12 ਫ਼ਰਵਰੀ ਨੂੰ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ ਪੰਜ ਡਿਗਰੀ ਤਕ ਜ਼ਿਆਦਾ ਸੀ। ਇਹ ਇਸ ਸੀਜ਼ਨ ਦਾ ਹੀ ਨਹੀਂ ਬਲਕਿ ਪਿਛਲੇ 8 ਸਾਲਾਂ ਦੌਰਾਨ 13 ਫ਼ਰਵਰੀ ਨੂੰ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਤੋਂ ਜ਼ਿਆਦਾ ਸੀ। ਮੌਸਮ ਵਿਭਾਗ ਪਹਿਲਾਂ ਹੀ ਅਪਣੀ ਇਕ ਰਿਪੋਰਟ ਵਿਚ ਇਸ ਗੱਲ ਦਾ ਖ਼ੁਲਾਸਾ ਕਰ ਚੁੱਕਾ ਹੈ ਕਿ ਸਾਲ 2020 ਵਿਚ ਮਈ-ਜੂਨ ਵਿਚ ਤਾਪਮਾਨ 45 ਡਿਗਰੀ ਤਕ ਪਹੁੰਚ ਸਕਦਾ ਹੈ।

2020 ਵਿਚ ਲੂ ਚੱਲਣ ਅਤੇ ਗਰਮੀ ਦੇ ਮਹੀਨਿਆਂ ਵਿਚ ਵਾਧੇ ਦੀ ਸੰਭਾਵਨਾ : Indian Institute of Tropical Meteorology ਦੀ ਰਿਪੋਰਟ ਅਨੁਸਾਰ 2020 ਵਿਚ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਪ੍ਰੈਲ, ਮਈ ਤੇ ਜੂਨ ਮਹੀਨਿਆਂ ਦੌਰਾਨ ਲੂ ਚੱਲਣ ਤੇ ਗਰਮੀ ਪੈਣ ਦੀ ਮਿਆਦ ਆਮ ਨਾਲੋਂ ਜ਼ਿਆਦਾ ਦਿਨਾਂ ਤਕ ਜਾਰੀ ਰਹੇਗੀ। 2020 ਵਿਚ ਗਰਮੀ ਹਰ ਥਾਂ ਲੋਕਾਂ ਨੂੰ ਨਾਨੀ ਯਾਦ ਕਰਵਾਉਣ ਵਾਲੀ ਹੈ। ਇੰਨਾ ਹੀ ਨਹੀਂ, ਰਿਪੋਰਟ ਅਨੁਸਾਰ ਦੱਖਣੀ ਭਾਰਤ ਦੇ ਜਿਹੜੇ ਤੱਟੀ ਇਲਾਕੇ ਹੁਣ ਤਕ ਗਰਮੀਆਂ ਦੇ ਸੀਜ਼ਨ ਦੌਰਾਨ ਠੰਡਕ ਮਹਿਸੂਸ ਕਰਦੇ ਸਨ, ਉਹ ਵੀ ਭਿਆਨਕ ਲੂ ਅਤੇ ਗਰਮੀ ਦੀ ਲਪੇਟ ਵਿਚ ਆਉਣ ਵਾਲੇ ਹਨ।

ਅਲ ਨੀਨੋ ਮੋਡੋਕੀ ਵੀ ਵਧਾਏਗਾ ਮੁਸੀਬਤ : ਆਈਆਈਟੀਐਮ ਦੀ ਰਿਪੋਰਟ ਅਨੁਸਾਰ ਗਰਮੀ 'ਚ ਵਾਧਾ ਤੇ ਲੂ ਦੀ ਭਿਆਨਕਤਾ ਪਿਛੇ ਕਾਰਨ ਅਲ-ਨੀਨੋ ਮੋਡੋਕੀ ਹੋਵੇਗਾ। ਰੀਪੋਰਟ ਮੁਤਾਬਕ ਆਉਣ ਵਾਲੇ ਸਮੇਂ ਵਿਚ ਅਲ-ਨੀਨੋ ਮੋਡੋਕੀ ਕਾਰਨ ਦੇਸ਼ ਅੰਦਰ ਲੂ ਜ਼ਿਆਦਾ ਪ੍ਰੇਸ਼ਾਨ ਸਕਦੀ ਹੈ। ਇਸ ਨਾਲ 2020 ਤੋਂ 2064 ਤਕ ਗਰਮੀ ਤੇ ਲੂ 'ਚ ਇਜ਼ਾਫ਼ਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਸਭ ਪਿਛੇ ਗਲੋਬਲ ਵਾਰਮਿੰਗ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ। ਰਿਪੋਰਟ ਅਨੁਸਾਰ ਸਾਲ 2020 ਤੋਂ 2064 ਦੇ ਵਿਚਕਾਰ ਲੂ 'ਚ ਜ਼ਬਰਦਸਤ ਵਾਧਾ ਹੋਣ ਜਾ ਰਿਹਾ ਹੈ।

ਗਰਮੀ 'ਚ ਵਾਧਾ ਹੋਣਾ ਤੈਅ : ਆਈਐਮਡੀ ਦੇ ਰੀਜ਼ਨਲ ਵੈਦਰ ਫੌਰਕਾਸਟਿੰਗ ਸੈਂਟਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਮੁਤਾਬਕ ਦਿੱਲੀ-ਐਨਆਰਸੀ 'ਚ ਠੰਢ ਖ਼ਤਮ ਹੋਣ ਵਾਲੀ ਹੈ। ਆਉਂਦੇ ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ ਵਧੇਗਾ। ਇਸ ਦਰਮਿਆਨ ਪਹਾੜਾਂ 'ਤੇ ਬਰਫਬਾਰੀ ਹੋਣ ਨਾਲ ਭਾਵੇਂ ਰਾਤ ਦਾ ਤਾਪਮਾਨ ਡਿੱਗ ਸਕਦਾ ਹੈ, ਪਰ ਗਰਮੀ ਹੋਲੀ ਹੋਲੀ ਵਧਣੀ ਜਾਰੀ ਰਹੇਗੀ।