ਟੂਲਕਿਟ ਕੇਸ: ਦਿਸ਼ਾ ਰਵੀ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ
ਦਿਸ਼ਾ ਰਵੀ ਨਾਰਥ ਬੰਗਲੁਰੂ ਦੇ ਸੋਲਾਦੇਵਨਾ ਹੱਲੀ ਇਲਾਕੇ ਦੀ ਰਹਿਣ ਵਾਲੀ ਵਾਤਾਵਰਣ ਪ੍ਰੇਮੀ ਹੈ
ਨਵੀਂ ਦਿੱਲੀ: ਕਿਸਾਨਾਂ ਦੇ ਅੰਦੋਲਨ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ਲਈ ਬਣਾਏ ਗਏ ਗੂਗਲ ਟੂਲ ਕਿੱਟ ਮਾਮਲੇ ਵਿੱਚ ਦਿਸ਼ਾ ਰਵੀ ਨੇ ਅੱਜ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸਨੇ ਇਕ ਪਟੀਸ਼ਨ ਵਿਚ ਦਿੱਲੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਹ ਮੀਡੀਆ ਨੂੰ ਜਾਂਚ ਸਮੱਗਰੀ ਲੀਕ ਨਾ ਕਰੇ।
ਦਿਸ਼ਾ ਦੇ ਵਕੀਲ ਅਭਿਨਵ ਸੇਖੜੀ ਨੇ ਕਿਹਾ ਕਿ ਉਹ ਪਟੀਸ਼ਨ ਨੂੰ ਹਾਈ ਕੋਰਟ ਵਿੱਚ ਸੁਣਵਾਈ ਲਈ ਸੂਚੀਬੱਧ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਤਦ ਹੀ ਉਹ ਇਸ ‘ਤੇ ਟਿੱਪਣੀ ਕਰਨਗੇ। ਪਟੀਸ਼ਨ ਵਿੱਚ ਮੀਡੀਆ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਉਹਨਾਂ ਅਤੇ ਤੀਜੀ ਧਿਰ ਦਰਮਿਆਨ ਵਟਸਐਪ ਉੱਤੇ ਮੌਜੂਦ ਕਿਸੇ ਵੀ ਕਥਿਤ ਨਿਜੀ ਗੱਲਬਾਤ ਦੀ ਸਮੱਗਰੀ ਜਾਂ ਹੋਰ ਚੀਜ਼ਾਂ ਪ੍ਰਕਾਸ਼ਤ ਨਾ ਕਰਨ ।
ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਦਿਸ਼ਾ ਰਵੀ?
ਦਿਸ਼ਾ ਰਵੀ ਨਾਰਥ ਬੰਗਲੁਰੂ ਦੇ ਸੋਲਾਦੇਵਨਾ ਹੱਲੀ ਇਲਾਕੇ ਦੀ ਰਹਿਣ ਵਾਲੀ ਵਾਤਾਵਰਣ ਪ੍ਰੇਮੀ ਹੈ। ਉਸ ਨੇ ਮਾਊਂਟ ਕੈਮੇਲ ਕਾਲਜ ਤੋਂ ਬਿਜਨੈੱਸ ਐਡਮਿਨਿਸਟ੍ਰੇਸ਼ਨ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਗੁੱਡ ਮਾਈਲਕ ਕੰਪਨੀ ਨਾਲ ਜੁੜੀ ਹੋਈ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਸਮੇਂ ਉਹ ਅਪਣੇ ਘਰ ਵਿਚ ਹੀ ਕੰਮ ਕਰ ਰਹੀ ਸੀ। ਦਿਸ਼ਾ ਦੇ ਪਿਤਾ ਮੈਸੂਰ ਵਿਚ ਇਕ ਐਥਲੈਟਿਕ ਕੋਚ ਹਨ ਜਦਕਿ ਉਸ ਦੀ ਮਾਂ ਇਕ ਘਰੇਲੂ ਔਰਤ ਹੈ।
ਟੂਲਕਿੱਟ ਵਿਚ ਦੱਸਿਆ ਗਿਆ ਸੀ ਕਿ ਕਿਸਾਨ ਅੰਦੋਲਨ ਵਿਚ ਸੋਸ਼ਲ ਮੀਡੀਆ ’ਤੇ ਸਮਰਥਨ ਕਿਵੇਂ ਇਕੱਠਾ ਕੀਤਾ ਜਾਵੇ। ਹੈਸ਼ਟੈਗ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ ਅਤੇ ਪ੍ਰਦਰਸ਼ਨ ਦੌਰਾਨ ਕੀ ਕੀਤਾ ਜਾਵੇ ਅਤੇ ਕੀ ਨਹੀਂ, ਸਾਰੀ ਜਾਣਕਾਰੀ ਇਸ ਟੂਲਕਿੱਟ ਵਿਚ ਮੌਜੂਦ ਸੀ। 3 ਫਰਵਰੀ ਨੂੰ ਐਕਟੀਵਿਸਟ ਗ੍ਰੇਟਾ ਥਨਬਰਗ ਵੱਲੋਂ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਇਸ ਟੂਲਕਿੱਟ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਟੂਲਕਿੱਟ ਨੂੰ ਸੋਸ਼ਲ ਮੀਡੀਆ ਨੇ ਪਾਬੰਦੀਸ਼ੁਦਾ ਕਰਕੇ ਡਿਲੀਟ ਕਰ ਦਿੱਤਾ ਸੀ ਪਰ ਭਾਰਤ ਸਰਕਾਰ ਇਸ ਮਾਮਲੇ ਨੂੰ ਦੇਸ਼ ਵਿਰੁੱਧ ਸਾਜਿਸ਼ ਰਚਣ ਦਾ ਮਾਮਲਾ ਦੱਸ ਰਹੀ ਹੈ, ਜਿਸ ਤਹਿਤ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।