50ਵੇਂ ਰੋਜ਼ ਫ਼ੈਸਟੀਵਲ ’ਚ ਪਹਿਲੀ ਵਾਰ ਪ੍ਰਸ਼ਾਸਨ ਦਾ ਸੈਰ-ਸਪਾਟਾ ਵਿਭਾਗ ਨਹੀਂ ਬਣੇਗਾ ਹਿੱਸੇਦਾਰ
ਰੋਜ਼ ਗਾਰਡਨ 'ਚ ਹੀ ਹੋਵੇਗੀ ਸਭਿਆਚਾਰਕ ਸਰਗਰਮੀ, 25 ਤੋਂ 27 ਫ਼ਰਵਰੀ ਤਕ ਮਨਾਇਆ ਜਾਵੇਗਾ ਰੋਜ਼ ਫ਼ੈਸਟੀਵਲ
ਚੰਡੀਗੜ੍ਹ : ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ 50ਵੇਂ ਰੋਜ਼ ਫੈਸਟੀਵਲ ’ਚ ਪਹਿਲੀ ਵਾਰ ਪ੍ਰਸ਼ਾਸਨ ਦਾ ਸੈਰ-ਸਪਾਟਾ ਵਿਭਾਗ ਹਿੱਸੇਦਾਰ ਨਹੀਂ ਹੋਵੇਗਾ। ਰੋਜ਼ ਫੈਸਟੀਵਲ ਦੇ ਸਾਰੇ ਤਿਉਹਾਰ ਇਸ ਵਾਰ ਨਗਰ ਨਿਗਮ ਵਲੋਂ ਕਰਵਾਏ ਜਾਣਗੇ, ਜੋ ਕਿ ਰੋਜ਼ ਗਾਰਡਨ ਸੈਕਟਰ-16 ’ਚ ਹੀ ਕਰਵਾਏ ਜਾਣਗੇ। ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਸ਼ਾਂਤ ਹੋਣ ਤੋਂ ਬਾਅਦ 25 ਤੋਂ 27 ਫ਼ਰਵਰੀ ਤਕ ਰੋਜ਼ ਫੈਸਟੀਵਲ ਹੋਣਗੇ।
ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਘੱਟ ਹੋਣ ਤੋਂ ਬਾਅਦ ਇਸ ਵਾਰ ਫ਼ੈਸਟੀਵਲ ’ਚ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਵੀ ਕਰਵਾਈ ਜਾਵੇਗੀ, ਜਿਸ ’ਚ ਸ਼ਹਿਰ ਤੋਂ ਇਲਾਵਾ ਦੂਜੇ ਸੂਬਿਆਂ ਉੱਤਰ ਪ੍ਰਦੇਸ਼, ਰਾਜਸਥਾਨ ਤੇ ਵੱਖ-ਵੱਖ ਸੂਬਿਆਂ ਦੇ ਕਲਾਕਾਰ ਪਹੁੰਚਣਗੇ। ਸੱਭਿਆਚਾਰਕ ਪ੍ਰੋਗਰਾਮ ਦੀ ਐਕਟੀਵਿਟੀ ਸਵੇਰੇ ਦਸ ਵਜੇ ਤੋਂ ਸ਼ਾਮ ਅੱਠ ਵਜੇ ਤਕ ਚਲੇਗੀ, ਜਿਸ ’ਚ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਕੋਈ ਵੀ ਸ਼ਹਿਰ ਵਾਸੀ ਹਿੱਸਾ ਲੈ ਸਕਦਾ ਹੈ।
ਰੋਜ਼ ਫ਼ੈਸਟੀਵਲ ’ਚ ਇਸ ਵਾਰ ਮਿਊਜ਼ੀਕਲ ਨਾਈਟ ਕਰਵਾਈ ਜਾਵੇਗੀ, ਜਿਸ ਦੇ ਦੂਜੇ ਦਿਨ 26 ਫਰਵਰੀ ਨੂੰ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਹਿੱਸਾ ਲੈਣਗੇ। ਇਸੇ ਤਰ੍ਹਾਂ ਪਹਿਲੇ ਤੇ ਆਖਰੀ ਦਿਨ ਦੋ ਹੋਰ ਪੰਜਾਬੀ ਗਾਇਕਾਂ ਨੂੰ ਬੁਲਾਇਆ ਗਿਆ ਹੈ ਜੋ ਕਿ ਸ਼ਾਮ ਸਾਢੇ ਛੇ ਵਜੇ ਤੋਂ ਰਾਤ ਅੱਠ ਵਜੇ ਤਕ ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰਨਗੇ।
ਰੋਜ਼ ਫੈਸਟੀਵਲ ’ਚ ਸੈਰ-ਸਪਾਟਾ ਵਿਭਾਗ ਨੂੰ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ ਹੈ, ਜਿਸ ਕਾਰਨ ਲੈਜਰ ਵੈਲੀ ’ਚ ਹੋਣ ਵਾਲੇ ਵੱਖ-ਵੱਖ ਪ੍ਰਰੋਗਰਾਮ ਮੁਲਤਵੀ ਰਹਿਣਗੇ। ਸੱਭਿਆਚਾਰਕ ਐਕਟੀਵਿਟੀ ਤੋਂ ਲੈ ਕੇ ਹਰ ਤਰ੍ਹਾਂ ਦੀ ਸਰਗਰਮੀ, ਝੂਲਿਆਂ ਤੋਂ ਲੈ ਕੇ ਹਰ ਤਰ੍ਹਾਂ ਦੇ ਮਨੋਰੰਜਨ ਦੀ ਵਿਵਸਥਾ ਰੋਜ਼ ਗਾਰਡਨ ਸੈਕਟਰ-16 ’ਚ ਰਹੇਗੀ।
ਕੋਰੋਨਾ ਮਹਾਮਾਰੀ ’ਚ ਮਨੋਰੰਜਨ ਦੇ ਨਾਲ ਸ਼ਹਿਰ ਵਾਸੀਆਂ ਨੂੰ ਕੋਰੋਨਾ ਤੋਂ ਮੁਕਤੀ ਦਿਵਾਉਣ ਲਈ ਵੈਕਸੀਨੇਸ਼ਨ ਸੈਂਟਰਾਂ ਨੂੰ ਵੀ ਸਥਾਪਤ ਕੀਤਾ ਜਾਵੇਗਾ। ਵੈਕਸੀਨੇਸ਼ਨ ਸੈਂਟਰਾਂ ’ਚ ਕੋਈ ਵੀ ਵਿਅਕਤੀ ਆ ਕੇ ਟੀਕਾਕਰਨ ਦੀਆਂ ਦੋਵਾਂ ’ਚੋਂ ਕੋਈ ਵੀ ਡੋਜ਼ ਲਗਵਾ ਸਕਦਾ ਹੈ।