Farmer news: 1 ਰੁਪਏ ਕਿਲੋ ਵਿਕ ਰਹੀ ਗੋਭੀ, ਭਾਰੀ ਨਕੁਸਾਨ ਤੋਂ ਚਿੰਤਤ ਯੂ.ਪੀ. ਦੇ ਕਿਸਾਨ
Farmer news: ਨੁਕਸਾਨ ਕਾਰਨ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਖੜੀ ਫ਼ਸਲਾਂ ’ਤੇ ਚਲਾਏ ਟਰੈਕਟਰ
5000 ਹੈਕਟੇਅਰ ਤੋਂ ਵੱਧ ਰਕਬੇ ਵਿਚ ਬੀਜੀ ਗੋਭੀ ਦੀ ਫ਼ਸਲ
Farmer news: ਅਮਰੋਹਾ ਦੇ ਸਥਾਨਕ ਬਾਜ਼ਾਰਾਂ ਵਿਚ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਗੋਭੀ ਦੀ ਫ਼ਸਲ 1 ਰੁਪਏ ਪ੍ਰਤੀ ਕਿਲੋ ਦੀ ਮਾਮੂਲੀ ਦਰ ਨਾਲ ਵਿਕਣ ਤੋਂ ਬਾਅਦ ਭਾਰੀ ਨੁਕਸਾਨ ਦੇ ਡਰੋਂ ਯੂਪੀ ਜ਼ਿਲੇ੍ਹ ਦੇ ਚਿੰਤਤ ਕਿਸਾਨਾਂ ਨੇ ਅਪਣੇ ਟਰੈਕਟਰਾਂ ਨਾਲ ਅਪਣੀ ਖੜੀ ਫ਼ਸਲ ਨੂੰ ਤਬਾਹ ਕਰਨਾ ਸ਼ੁਰੂ ਕਰ ਦਿਤਾ ਹੈ।
ਇੱਥੋਂ ਦੇ ਕਿਸਾਨ ਆਮ ਤੌਰ ’ਤੇ ਸਥਾਨਕ ਮੰਡੀਆਂ ਵਿਚ ਅਪਣੀ ਉਪਜ ਵੇਚਦੇ ਹਨ ਜੋ ਇਸਨੂੰ ਦਿੱਲੀ-ਐਨਸੀਆਰ ਅਤੇ ਉੱਤਰਾਖੰਡ ਦੀਆਂ ਵੱਡੀਆਂ ‘ਮੰਡੀਆਂ’ ਵਿਚ ਸਪਲਾਈ ਕਰਦੇ ਹਨ। ਇਸ ਸੀਜ਼ਨ ਵਿਚ 5000 ਹੈਕਟੇਅਰ ਤੋਂ ਵੱਧ ਰਕਬੇ ਵਿਚ ਗੋਭੀ ਦੀ ਫ਼ਸਲ ਬੀਜੀ ਗਈ ਸੀ।
ਸਥਾਨਕ ਲੋਕਾਂ ਨੇ ਕਿਹਾ ਕਿ ਅਮਰੋਹਾ ਵਿਚ, ਉਹੀ ਉਪਜ ਪ੍ਰਚੂਨ ਬਾਜ਼ਾਰਾਂ ਵਿਚ ਖਪਤਕਾਰਾਂ ਨੂੰ 10 ਤੋਂ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਭਾਰੀ ਮੁੱਲ ਅੰਤਰ ਨਾਲ ਆਮਤੌਰ ’ਤੇ ‘‘ਵਿਚੌਲਿਆਂ ਨੂੰ ਫ਼ਾਇਦਾ ਹੁੰਦਾ ਹੈ ਜਦੋਂ ਕਿ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ।’’ ਅਮਰੋਹ ਦੇ ਮੁਹੰਮਦਪੁਰ ਪੱਟੀ ਦੇ ਕਿਸਾਨ ਲਾਲ ਸਿੰਘ ਸੈਣੀ ਨੇ ਦਸਿਆ, ‘‘ਫੁੱਲਗੋਭੀ ਅਤੇ ਪੱਤਾਗੋਭੀ ਦੀ ਖੇਤੀ ’ਚ ਪ੍ਰਤੀ ਵਿਘਾ 8000 ਤੋਂ 10,000 ਰੁਪਏ ਤੋਂ ਵੱਧ ਖ਼ਰਚ ਆਉਂਦਾ ਹੈ। ਸ਼ੁਰੂਆਤ ’ਚ ਪ੍ਰਚੂਨ ਕੀਮਤਾਂ ਸਥਿਰ ਸਨ। ਦਸੰਬਰ-ਜਨਵਰੀ ’ਚ ਪ੍ਰਚੂਨ ਬਾਜ਼ਾਰਾਂ ’ਚ ਕੀਮਤਾਂ 30-40 ਰੁਪਏ ਸਨ। ਪਰ ਸਪਲਾਈ ਵਧਣ ਦੇ ਨਾਲ ਹੀ ਇਸ ਦੀਆਂ ਕੀਮਤਾਂ ਹੇਠਾਂ ਆ ਗਈਆਂ। ਹੁਣ ਕਿਸਾਨ ਅਪਣੇ ਖੇਤ ਖ਼ਾਲੀ ਕਰਨ ਲਈ ਮਜ਼ਬੂਰ ਹੋ ਗਏ ਹਨ।’’
ਉਨ੍ਹਾਂ ਦਸਿਆ ਕਿ ਦਿੱਲੀ ਵਿਚ ਗੋਭੀ 300 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਵਿਕ ਰਹੀ ਹੈ। ਸੈਣੀ ਨੇ ਦਸਿਆ, ‘‘ਪਰ ਸਾਨੂੰ ਆਪਣੀਆਂ ਫ਼ਸਲਾਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਤਕ ਪਹੁੰਚਾਉਣ ਲਈ ਉੱਚ ਆਵਾਜਾਈ ਦੀਆਂ ਕੀਮਤਾਂ ਦਾ ਭੁਗਤਾਨ ਕਰਨਾ ਪੈਂਦਾ ਹੈ, ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਾਂ।’’ ਅਮਰੋਹਾ ਦਾ ਪਿੰਡ ਕਲਿਆਣਪੁਰਾ ਸਭ ਤੋਂ ਵੱਧ ਪ੍ਰਭਾਵਤ ਹੈ। ਇਕ ਸਥਾਨਕ ਪਿੰਡ ਵਾਸੀ ਮਹਿੰਦਰ ਸੈਣੀ ਨੇ ਕਿਹਾ, ‘‘ਗੋਭੀ ਸਾਡੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਈ ਹੈ। ਮੈਂ ਇਸਨੂੰ 8 ਵਿੱਘੇ ਵਿਚ ਉਗਾਇਆ ਸੀ। ਸਾਨੂੰ ਅਗਲੀ ਫ਼ਸਲ ਵਿਚ ਦੇਰੀ ਤੋਂ ਬਚਣ ਲਈ ਖੇਤ ਖ਼ਾਲੀ ਕਰਨ ਲਈ ਮਜਬੂਰ ਹੋਣਾ ਪਿਆ।’’
ਇਸੇ ਪਿੰਡ ਦੇ ਕਿਸਾਨ ਜਗਤਵੀਰ ਸੈਣੀ ਦਾ ਕਹਿਣਾ ਹੈ, ‘‘ਫ਼ਸਲ ਦੀ ਪੈਦਾਵਾਰ ਦੀ ਲਾਗਤ 10,000 ਰੁਪਏ ਪ੍ਰਤੀ ਵਿੱਘੇ ਤਕ ਪਹੁੰਚ ਗਈ ਹੈ। ਫ਼ਸਲ ਤਿਆਰ ਹੈ, ਪਰ ਅਸੀਂ ਉਤਪਾਦਨ ਲਾਗਤ ਵੀ ਕੱਢ ਪਾਏ।’’ ਅਮਰੋਹਾ ਦੇ ਜ਼ਿਲ੍ਹਾ ਬਾਗ਼ਬਾਨੀ ਅਫ਼ਸਰ ਨੇ ਦਸਿਆ ਕਿ ਪਿਛਲੇ ਸਾਲ ਇਸੇ ਫ਼ਸਲ ਦੀਆਂ ਚੰਗੀਆਂ ਕੀਮਤਾਂ ਮਿਲੀਆਂ ਸਨ। ਇਹੀ ਕਾਰਨ ਹੈ ਕਿ ਇਸ ਸਾਲ ਫ਼ਸਲ ਵੱਡੇ ਪੱਧਰ ‘ਤੇ ਬੀਜੀ ਗਈ। ਨਾਲ ਹੀ ਕਿਸਾਨਾਂ ਨੇ ਇਸ ਦੀ ਬਿਜਾਈ ਵੀ ਇਸੇ ਸਮੇਂ ਕੀਤੀ ਸੀ, ਇਸ ਲਈ ਇਹ ਵੱਡੀ ਮਾਤਰਾ ’ਚ ਤੈਆਰ ਹੋ ਗਈ। ਇਸ ਦਾ ਅਸਰ ਬਾਜ਼ਾਰ ’ਚ ਪਿਆ ਅਤੇ ਕੀਮਤਾਂ ਅੱਧੀਆਂ ਤੋਂ ਵੱਧ ਡਿੱਗ ਗਈਆਂ।