Madhya Pradesh: ਵਿਆਹ ਤੋਂ ਆ ਰਹੇ ਲੋਕਾਂ ਨੂੰ ਟਰੱਕ ਨੇ ਮਾਰੀ ਟੱਕਰ, 5 ਦੀ ਮੌਤ ਤੇ 20 ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

Madhya Pradesh: ਹਾਦਸੇ ਤੋੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਸੜਕ ਕੀਤੀ ਜਾਮ

Madhya Pradesh: Truck hits people coming from a wedding, 5 dead, 20 injured

 

Madhya Pradesh: ਮੰਗਲਵਾਰ ਸਵੇਰੇ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਟਰੱਕ ਨੇ ਇਕ ਵੈਨ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਭਿੰਡ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸਪੀ) ਅਸਿਤ ਯਾਦਵ ਨੇ ਦਸਿਆ ਕਿ ਇਹ ਘਟਨਾ ਸਵੇਰੇ 5 ਵਜੇ ਜਵਾਹਰਪੁਰਾ ਪਿੰਡ ਨੇੜੇ ਵਾਪਰੀ ਜਦੋਂ ਲੋਕਾਂ ਦਾ ਇਕ ਸਮੂਹ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਕੁਝ ਵਿਅਕਤੀ ਵੈਨ ਵਿਚ ਬੈਠੇ ਸਨ ਅਤੇ ਬਾਕੀ ਸੜਕ ’ਤੇ ਖੜੇ ਸਨ ਜਦੋਂ ਅਚਾਨਕ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਅਤੇ ਗੱਡੀ ਨੂੰ ਟੱਕਰ ਮਾਰ ਦਿਤੀ।

ਉਨ੍ਹਾਂ ਦਸਿਆ ਕਿ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਦੋ ਹੋਰਾਂ ਨੇ ਬਾਅਦ ਵਿਚ ਦਮ ਤੋੜ ਦਿਤਾ। ਮ੍ਰਿਤਕਾਂ ਵਿਚ ਤਿੰਨ ਔਰਤਾਂ ਸਮੇਤ 5 ਵਿਅਕਤੀ ਸ਼ਾਮਲ ਹਨ। ਭਿੰਡ ਦੇ ਕੁਲੈਕਟਰ ਸੰਜੀਵ ਸ਼੍ਰੀਵਾਸਤਵ ਨੇ ਦਸਿਆ ਕਿ ਟਰੱਕ ਨੇ ਸ਼ਾਇਦ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਵੈਨ ਨੂੰ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ’ਚੋਂ 12 ਨੂੰ ਇਲਾਜ ਲਈ ਗਵਾਲੀਅਰ ਰੈਫਰ ਕਰ ਦਿਤਾ ਗਿਆ, ਜਦਕਿ ਬਾਕੀਆਂ ਦਾ ਭਿੰਡ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਚਸ਼ਮਦੀਦਾਂ ਨੇ ਦਸਿਆ ਕਿ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਸਥਾਨਕ ਲੋਕਾਂ ਨੇ ਸੜਕ ’ਤੇ ਚੱਕਾ ਜਾਮ ਕਰ ਦਿਤਾ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ।