ਅਦਾਲਤ ’ਚ ਮਾਮਲਾ ਚਲਣ ਦੌਰਾਨ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਦਾ ਰਾਹੁਲ ਗਾਂਧੀ ਨੇ ਕੀਤਾ ਸਖ਼ਤ ਵਿਰੋਧ
ਬੁਧਵਾਰ ਨੂੰ ਅਹੁਦਾ ਸੰਭਾਲਣਗੇ ਨਵੇਂ ਨਿਯੁਕਤ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ
ਨਵੇਂ ਕਾਨੂੰਨ ਅਧੀਨ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਵਿਰੁਧ ਸੁਪਰੀਮ ਕੋਰਟ ’ਚ ਸੁਣਵਾਈ ਵੀ ਅੱਜ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਗਿਆਨੇਸ਼ ਕੁਮਾਰ ਬੁਧਵਾਰ ਨੂੰ ਅਹੁਦਾ ਸੰਭਾਲਣਗੇ। ਉਨ੍ਹਾਂ ਨੇ ਜੰਮੂ-ਕਸ਼ਮੀਰ ’ਚ ਧਾਰਾ 370 ਦੇ ਪ੍ਰਬੰਧਾਂ ਨੂੰ ਖਤਮ ਕਰਨ ਅਤੇ ਰਾਮ ਮੰਦਰ ਟਰੱਸਟ ਦੀ ਸਥਾਪਨਾ ਦੇ ਸਰਕਾਰ ਦੇ ਕਦਮ ’ਚ ਅਹਿਮ ਭੂਮਿਕਾ ਨਿਭਾਈ ਸੀ।
ਕੁਮਾਰ ਜਨਵਰੀ 2024 ’ਚ ਸਹਿਕਾਰਤਾ ਮੰਤਰਾਲੇ ’ਚ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ ਅਤੇ ਮਾਰਚ 2024 ’ਚ ਉਨ੍ਹਾਂ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਮੰਗਲਵਾਰ ਸ਼ਾਮ ਨੂੰ ਮੌਜੂਦਾ ਰਾਜੀਵ ਕੁਮਾਰ ਦੇ ਅਹੁਦਾ ਛੱਡਣ ਤੋਂ ਇਕ ਦਿਨ ਬਾਅਦ ਉਹ 26ਵੇਂ ਸੀ.ਈ.ਸੀ. ਹੋਣਗੇ। ਕੁਮਾਰ ਚੋਣ ਕਮਿਸ਼ਨ (ਈ.ਸੀ.) ਦੇ ਮੈਂਬਰਾਂ ਦੀ ਨਿਯੁਕਤੀ ਬਾਰੇ ਨਵੇਂ ਕਾਨੂੰਨ ਤਹਿਤ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਮੁੱਖ ਚੋਣ ਕਮਿਸ਼ਨਰ ਹਨ।
ਦੂਜੇ ਪਾਸੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ 2023 ਦੇ ਕਾਨੂੰਨ ਤਹਿਤ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਅਤੇ ਚੋਣ ਕਮਿਸ਼ਨਰਾਂ (ਈ.ਸੀ.) ਦੀਆਂ ਨਿਯੁਕਤੀਆਂ ਵਿਰੁਧ ਪਟੀਸ਼ਨਾਂ ’ਤੇ 19 ਫਰਵਰੀ ਨੂੰ ਪਹਿਲ ਦੇ ਆਧਾਰ ’ਤੇ ਸੁਣਵਾਈ ਕਰੇਗਾ। ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧੀ ਪਾਰਟੀਆਂ ਨੇ ਸਖ਼ਤ ਵਿਰੋਧ ਕੀਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਧੀ ਰਾਤ ਸਮੇਂ ਇਸ ਨਿਯੁਕਤੀ ਦਾ ਐਲਾਨ ਕਰਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਬੇਇੱਜ਼ਤੀ ਵਾਲਾ ਕਰਾਰ ਦਿਤਾ ਹੈ, ਜਦੋਂ ਚੋਣ ਦੀ ਪ੍ਰਕਿਰਿਆ ਅਜੇ ਵੀ ਸੁਪਰੀਮ ਕੋਰਟ ’ਚ ਚਲ ਰਹੀ ਹੈ।
ਦੂਜੇ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀ ਨਿਗਰਾਨੀ ਕਰਨ ਵਾਲੇ ਰਾਜੀਵ ਕੁਮਾਰ ਨੇ ਲਗਭਗ ਤਿੰਨ ਸਾਲ ਦੇ ਕਾਰਜਕਾਲ ਤੋਂ ਬਾਅਦ ਮੰਗਲਵਾਰ ਨੂੰ 25ਵੇਂ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ।
ਉਨ੍ਹਾਂ ਦਾ ਕਾਰਜਕਾਲ 26 ਜਨਵਰੀ, 2029 ਤਕ ਚੱਲੇਗਾ, ਜਿਸ ਤੋਂ ਕੁੱਝ ਦਿਨ ਪਹਿਲਾਂ ਚੋਣ ਕਮਿਸ਼ਨ ਵਲੋਂ ਅਗਲੀਆਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਕਾਨੂੰਨ ਅਨੁਸਾਰ ਸੀਈਸੀ ਅਤੇ ਚੋਣ ਕਮਿਸ਼ਨ 65 ਸਾਲ ਦੀ ਉਮਰ ਪੂਰੀ ਕਰਨ ਜਾਂ ਚੋਣ ਕਮਿਸ਼ਨ ’ਚ ਛੇ ਸਾਲ ਪੂਰੇ ਕਰਨ ਤੋਂ ਬਾਅਦ ਅਹੁਦਾ ਛੱਡ ਦਿੰਦੇ ਹਨ। ਗਿਆਨੇਸ਼ ਕੁਮਾਰ 27 ਜਨਵਰੀ 2029 ਨੂੰ 65 ਸਾਲ ਦੇ ਹੋ ਜਾਣਗੇ।