ਰਾਜਸਥਾਨ ’ਚ ਭਾਜਪਾ ਵਿਧਾਇਕ ਨੇ ਬਜਟ ਦੀ ਤੁਲਨਾ ‘ਛੋਰੀ-ਛੋਰਾ’ ਦੇ ਜਨਮ ਨਾਲ ਕੀਤੀ, ਛਿੜਿਆ ਵਿਵਾਦ
ਕਿਹਾ, ‘ਗਹਿਲੋਤ ਸਰਕਾਰ ਨੇ ਜੋ ਐਲਾਨ ਕੀਤੇ ਸਨ, ਉਥੇ ‘ਲੜਕੀ’ ਪੈਦਾ ਹੋਈ, ਅੱਜ ਉਹ ਵਿਰੋਧੀ ਧਿਰ ’ਚ ਬੈਠੇ ਹਨ’
ਜੈਪੁਰ : ਰਾਜਸਥਾਨ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਨੇ ਮੌਜੂਦਾ ਸਰਕਾਰ ਦੇ ਬਜਟ ਦੀ ਤੁਲਨਾ ‘ਛੋਰੇ (ਮੁੰਡੇ) ਦੇ ਜਨਮ’ ਅਤੇ ਪਿਛਲੀ ਕਾਂਗਰਸ ਸਰਕਾਰ ਦੇ ਆਖਰੀ ਬਜਟ ਦੀ ਤੁਲਨਾ ‘ਛੋਰੀ (ਕੁੜੀ) ਦੇ ਜਨਮ’ ਨਾਲ ਕਰ ਕੇ ਸਿਆਸੀ ਵਿਵਾਦ ਛੇੜ ਦਿਤਾ ਹੈ।
ਵੈਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਹਾਦੁਰ ਸਿੰਘ ਕੋਲੀ ਨੇ ਚਰਚਾ ਦੌਰਾਨ ਕਿਹਾ, ‘‘ਸਾਡੇ ਕੋਲ ਜਵਾਨੀ ਦਾ ਬਜਟ ਹੈ, ਉਨ੍ਹਾਂ ਕੋਲ ਬੁਢਾਪਾ ਬਜਟ ਹੈ ਜੋ ਚੋਣਾਂ ਤੋਂ ਪਹਿਲਾਂ ਆਇਆ ਸੀ।’’ ਅਪਣੀ ਸਰਕਾਰ ਦੇ ਬਜਟ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਅੱਗੇ ਕਿਹਾ, ‘‘ਸਾਡੀ ਸਰਕਾਰ ਨੇ ਅਪਣੇ ਪਹਿਲੇ ਬਜਟ ਵਿਚ ਇਕ ਛੋਰਾ (ਪੁੱਤਰ) ਪੈਦਾ ਕੀਤਾ, ਦੂਜੇ ਬਜਟ ਵਿਚ ਵੀ ਇਕ ਪੁੱਤਰ ਪੈਦਾ ਕੀਤਾ ਅਤੇ ਹੁਣ ਤੀਜੇ ਬਜਟ ਵਿਚ ਵੀ। ਜੋ ਜਵਾਨੀ ਵਿਚ ਲੜਕੇ ਨੂੰ ਜਨਮ ਦਿੰਦਾ ਹੈ, ਉਹ ਹਮੇਸ਼ਾ ਕੰਮ ਆਉਂਦਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਜਦੋਂ ਤਤਕਾਲੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅਪਣੇ ਪਿਛਲੇ ਬਜਟ ’ਚ ਐਲਾਨ ਕੀਤੇ ਸਨ, ਤਾਂ ਉੱਥੇ ਛੋਰੀ (ਲੜਕੀ) ਦਾ ਜਨਮ ਹੋਇਆ ਸੀ, ਉੱਥੇ ਲੜਕਾ ਪੈਦਾ ਨਹੀਂ ਹੋਇਆ ਸੀ। ਇਸ ਲਈ ਉਹ ਅੱਜ ਵਿਰੋਧੀ ਧਿਰ ਵਿਚ ਬੈਠੇ ਹਨ।’’
ਕਾਂਗਰਸੀ ਵਿਧਾਇਕਾਂ ਨੇ ਮੰਗਲਵਾਰ ਨੂੰ ਵਿਧਾਇਕ ਦੀ ਟਿਪਣੀ ਉਤੇ ਇਤਰਾਜ਼ ਜਤਾਇਆ। ਵਿਰੋਧੀ ਧਿਰ ਦੇ ਨੇਤਾ ਟੀਕਾ ਰਾਮ ਜੂਲੀ ਨੇ ਇਸ ਬਿਆਨ ਦੀ ਆਲੋਚਨਾ ਕਰਦਿਆਂ ਇਸ ਨੂੰ ਪੱਖਪਾਤੀ ਅਤੇ ਸ਼ਰਮਨਾਕ ਕਰਾਰ ਦਿਤਾ। ਉਨ੍ਹਾਂ ਕਿਹਾ, ‘‘16 ਫ਼ਰਵਰੀ ਨੂੰ ਤੁਹਾਡੇ ਵਿਧਾਇਕ ਨੇ ਬਜਟ ਉਤੇ ਬੋਲਦਿਆਂ ਇਸ ਦੀ ਤੁਲਨਾ ਮੁੰਡੇ-ਕੁੜੀ ਨਾਲ ਕੀਤੀ ਸੀ। ਕੀ ਇਹ ਉਹ ਸਤਿਕਾਰ ਹੈ ਜਿਸ ਬਾਰੇ ਤੁਸੀਂ ਗੱਲ ਕਰਦੇ ਹੋ? ਤੁਸੀਂ (ਸੱਤਾਧਾਰੀ ਪਾਰਟੀ) ਇਸ ਉਤੇ ਬੈਠੇ ਅਤੇ ਹੱਸ ਰਹੇ ਸੀ। ਕੀ ਔਰਤਾਂ ਪ੍ਰਤੀ ਤੁਹਾਡਾ ਰਵੱਈਆ ਇਹ ਹੈ? ਤੁਸੀਂ ਬੇਟੇ ਅਤੇ ਬੇਟੀ ਵਿਚ ਫਰਕ ਕਰਦੇ ਹੋ? ਇਹ ਹਾਲਤ ਹੈ ਤੁਹਾਡੇ ਲੋਕਾਂ ਦੀ?’’ ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਸਦਨ ਵਿਚ ਬੇਟੀਆਂ ਨੂੰ ਪੁੱਤਰਾਂ ਨਾਲੋਂ ਕਮਜ਼ੋਰ ਦਸਿਆ ਜਾ ਰਿਹਾ ਹੈ।
ਵਿਵਾਦ ਭਖਣ ’ਤੇ ਵੀ ਅਪਣੇ ਬਿਆਨ ਦਾ ਬਚਾਅ ਕਰਦੇ ਹੋਏ, ਕੋਲੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਵਿਚ ਕੀ ਗਲਤ ਹੈ? ਇਹ ਸਾਡੀ ਬ੍ਰਜਭਾਸ਼ਾ ਹੈ।’’ ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਸ਼ਬਦ ਗਲਤ ਸਨ, ਤਾਂ ਉਨ੍ਹਾਂ ਨੇ ਜਵਾਬ ਦਿਤਾ, ‘‘ਬਿਆਨ ਵਿਚ ਕੀ ਗਲਤ ਸੀ? ਮੈਂ ਕਿਹਾ ਕਿ ਇਕ ਚੰਗਾ ਬਜਟ ਪੇਸ਼ ਕੀਤਾ ਗਿਆ ਹੈ। ਮੁੰਡਾ ਪੈਦਾ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਲੋਕਲੁਭਾਉਣਾ ਬਜਟ ਪੇਸ਼ ਕੀਤਾ ਜੋ ਕਿ ਲੜਕੀ ਦੇ ਜਨਮ ਵਾਂਗ ਹੈ।