ਵਿਵਾਦ ਮਗਰੋਂ ਗਲਗੋਟੀਆ ’ਵਰਸਿਟੀ ਨੂੰ ‘ਏ.ਆਈ. ਸੁਮਿਟ ਐਕਸਪੋ’ ਤੋਂ ਕੀਤਾ ਗਿਆ ‘ਬਾਹਰ’
ਆਲੋਚਕਾਂ ਦਾ ਕਹਿਣਾ ਹੈ, ਇਹ ਯੂਨੀਵਰਸਿਟੀ ਵਲੋਂ ਭਾਰਤ ’ਚ ਨਹੀਂ ਬਣਾਇਆ ਗਿਆ, ਚੀਨ ’ਚ ਬਣਿਆ ਇਕ ਰੋਬੋਟ ਹੈ
ਨਵੀਂ ਦਿੱਲੀ: ‘ਏ.ਆਈ. ਸੁਮਿਟ ਐਕਸਪੋ’ ’ਚ ਪ੍ਰਦਰਸ਼ਿਤ ‘ਰੋਬੋਟਿਕ ਡੌਗ’ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਕਾਰ ਗਲਗੋਟੀਆ ਯੂਨੀਵਰਸਿਟੀ ਨੂੰ ਅਪਣਾ ‘ਸਟਾਲ’ ਤੁਰਤ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਇਸ ’ਚ ਪ੍ਰਦਰਸ਼ਿਤ ਤਕਨਾਲੋਜੀ ਦੀ ਮਲਕੀਅਤ ਉਤੇ ਸਵਾਲ ਉਠ ਰਹੇ ਹਨ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਤੁਰਤ ਪ੍ਰਦਰਸ਼ਨੀ ਵਾਲੀ ਥਾਂ ਛੱਡਣ ਲਈ ਕਿਹਾ ਗਿਆ। ਪ੍ਰਬੰਧਕ ਯੂਨੀਵਰਸਿਟੀ ਤੋਂ ਪ੍ਰਦਰਸ਼ਨੀ ਵਾਲੀ ਥਾਂ ਖ਼ਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਗਲਗੋਟੀਆ ਯੂਨੀਵਰਸਿਟੀ ਨੇ ਪ੍ਰਦਰਸ਼ਨੀ ’ਚ ‘ਓਰਾਇਨ’ ਨਾਂ ਦਾ ‘ਰੋਬੋਟ ਡੌਗ’ ਪ੍ਰਦਰਸ਼ਿਤ ਕੀਤਾ। ਆਲੋਚਕਾਂ ਦਾ ਕਹਿਣਾ ਸੀ ਕਿ ਇਹ ਯੂਨੀਵਰਸਿਟੀ ਵਲੋਂ ਭਾਰਤ ’ਚ ਨਹੀਂ ਬਣਾਇਆ ਗਿਆ ਬਲਕਿ ਚੀਨ ’ਚ ਬਣਿਆ ਇਕ ਰੋਬੋਟ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਨੂੰ ਸੋਸ਼ਲ ਮੀਡੀਆ ਉਤੇ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਸੂਤਰਾਂ ਨੇ ਕਿਹਾ ਕਿ ਯੂਨੀਵਰਸਿਟੀ ਉਤੇ ਆਯਾਤਿਤ ਤਕਨਾਲੋਜੀ ਨੂੰ ਅਪਣਾ ਦੱਸ ਕੇ ਪੇਸ਼ ਕਰਨ ਦੇ ਦੋਸ਼ ਲੱਗੇ ਹਨ। ਗਲਗੋਟੀਆ ਯੂਨੀਵਰਸਿਟੀ ਨੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਬਿਆਨ ਜਾਰੀ ਕੀਤਾ ਅਤੇ ਕਿਹਾ, ‘‘ਰੋਬੋਟਿਕ ਪ੍ਰੋਗਰਾਮਿੰਗ ਵਿਦਿਆਰਥੀਆਂ ਨੂੰ ਏ.ਆਈ. ਪ੍ਰੋਗਰਾਮਿੰਗ ਸਿਖਾਉਣ ਅਤੇ ਕੌਮੀ ਪੱਧਰ ’ਤੇ ਮੁਹੱਈਆ ਉਪਕਰਨਾਂ ਅਤੇ ਸਰੋਤਾਂ ਦਾ ਪ੍ਰਯੋਗ ਕਰ ਕੇ ਅਸਲ ਦੁਨੀਆ ਦੇ ਹੁਨਰ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਸਾਡੀ ਕੋਸ਼ਿਸ਼ ਦਾ ਹਿੱਸਾ ਹੈ, ਕਿਉਂਕਿ ਏ.ਆਈ. ਹੁਨਰ ਦਾ ਵਿਕਾਸ ਸਮੇਂ ਦੀ ਜ਼ਰੂਰਤ ਹੈ।’’
ਯੂਨੀਵਰਸਿਟੀ ਨੇ ਕਿਹਾ ਕਿ ਉਸ ਦੇ ਅਧਿਆਪਕ ਅਤੇ ਵਿਦਿਆਰਥੀ, ਉਨ੍ਹਾਂ ਵਿਰੁਧ ਚਲਾਈ ਕੁਪ੍ਰਚਾਰ ਮੁਹਿੰਮ ਤੋਂ ‘ਬਹੁਤ ਦੁਖੀ’ ਹਨ। ਯੂਨੀਵਰਸਿਟੀ ਦਾ ਮਕਸਦ ਵਿਦਿਆਰਥੀਆਂ ਨੂੰ ਸਿਖਾਉਣਾ ਅਤੇ ਨਵੀਂ ਖੋਜ ਉਤੇ ਧਿਆਨ ਦੇਣਾ ਹੈ। ਇਹ ਵਿਦਿਆਰਥੀਆਂ ਨੂੰ ਵਿਹਾਰਕ ਤਜਰਬਾ ਪ੍ਰਾਪਤ ਕਰਨ ਅਤੇ ਭਵਿੱਖ ਲਈ ਤਿਆਰ ਹੋਣ ’ਚ ਮਦਦ ਕਰਨ ਲਈ ਆਧੁਨਿਕ ਤਕਨਾਲੋਜੀ ਤਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਦੌਰਾਨ ਬੁਧਵਾਰ ਨੂੰ ਪ੍ਰਦਰਸ਼ਨੀ ’ਚ ਯੂਨੀਵਰਸਿਟੀ ਦੇ ‘ਸਟਾਲ’ ਉਤੇ ਕੁੱਝ ਵੀ ਪ੍ਰਦਰਸ਼ਿਤ ਨਹੀਂ ਕੀਤਾ ਗਿਆ।
ਅਸੀਂ ‘ਰੋਬੋਟ ਡੌਗ’ ਬਣਾਉਣ ਦਾ ਦਾਅਵਾ ਕਦੇ ਨਹੀਂ ਕੀਤਾ : ਪ੍ਰੋਫ਼ੈਸਰ ਨੇਹਾ ਸਿੰਘ
ਵਿਵਾਦ ’ਤੇ ਪ੍ਰਤੀਕਿਰਿਆ ਦਿੰਦਿਆਂ ਗਲਗੋਟੀਆ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਨੇਹਾ ਸਿੰਘ ਨੇ ਕਿਹਾ, ‘‘ਇਹ ਵਿਵਾਦ ਇਸ ਲਈ ਪੈਦਾ ਹੋਇਆ ਕਿਉਂਕਿ ਸ਼ਾਇਦ ਗੱਲਾਂ ਨੂੰ ਸਪੱਸ਼ਟ ਰੂਪ ’ਚ ਪ੍ਰਗਟ ਨਹੀਂ ਕੀਤਾ ਗਿਆ ਅਤੇ ਇਸ ਪਿੱਛੇ ਇੱਛਾ ਨੂੰ ਠੀਕ ਤਰ੍ਹਾਂ ਸਮਝਿਆ ਨਹੀਂ ਗਿਆ।’’ ਉਨ੍ਹਾਂ ਅੱਗੇ ਕਿਹਾ, ‘‘‘ਰੋਬੋਟ ਡੌਗ’ ਬਾਰੇ ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਅਸੀਂ ਇਸ ਨੂੰ ਬਣਾਇਆ ਹੈ। ਮੈਂ ਸਾਰਿਆਂ ਨੂੰ ਦਸਿਆ ਕਿ ਅਸੀਂ ਇਸ ਨੂੰ ਅਪਣੇ ਵਿਦਿਆਰਥੀਆਂ ਸਾਹਮਣੇ ਇਸ ਲਈ ਪੇਸ਼ ਕੀਤਾ ਤਾਕਿ ਉਹ ਖ਼ੁਦ ਕੁੱਝ ਬਿਹਤਰ ਬਣਾਉਣ ਲਈ ਪ੍ਰੇਰਿਤ ਹੋਣ। ਸਾਡੀ ਯੂਨੀਵਰਸਿਟੀ ਏ.ਆਈ. ਦੇ ਖੇਤਰ ’ਚ ਆਧੁਨਿਕ ਤਕਨਾਲੋਜੀ ਪ੍ਰਦਾਨ ਕਰ ਕੇ ਭਵਿੱਖ ਦੀਆਂ ਵੱਡੀਆਂ ਸ਼ਖ਼ਸੀਅਤਾਂ ਬਣਾਉਣ ’ਚ ਯੋਗਦਾਨ ਦਿੰਦਾ ਹੈ ਅਤੇ ਅੱਗੇ ਵੀ ਅਜਿਹਾ ਕਰਨ ਜਾਰੀ ਰੱਖੇਗਾ।’’
ਪ੍ਰਚਾਰ ਦਾ ਤਮਾਸ਼ਾ ਬਣ ਗਿਐ ‘ਏ.ਆਈ. ਸੁਮਿਟ’ : ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਇੰਡੀਆ ਏ.ਆਈ. ਇੰਪੈਕਟ ਸੁਮਿਟ’ 2026 ’ਚ ਇਕ ਨਿਜੀ ਯੂਨੀਵਰਸਿਟੀ ਵਲੋਂ ਚੀਨ ’ਚ ਬਣਾਏ ‘ਰੋਬੋਟਿਕ ਡੌਗ’ ਨੂੰ ਪ੍ਰਦਰਸ਼ਿਤ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਬੁਧਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਵਲੋਂ ਕਰਵਾਇਆ ਇਹ ਵੱਡਾ ਪ੍ਰੋਗਰਾਮ ਸਿਰਫ਼ ਪੀ.ਆਰ. (ਪ੍ਰਚਾਰ) ਦਾ ਤਮਾਸ਼ਾ ਬਣ ਗਿਆ ਹੈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਭਾਰਤ ਦਾ ਹੁਨਰ ਅਤੇ ਡੇਟਾ ਦਾ ਪ੍ਰਯੋਗ ਕਰਨ ਦੀ ਬਜਾਏ ਏ.ਆਈ. ਸਿਖਰ ਸੰਮੇਲਨ ਅਵਿਵਸਥਿਤ ਤਰੀਕੇ ਨਾਲ ਪੀ.ਆਰ. ਦਾ ਤਮਾਸ਼ਾ ਬਣ ਗਿਆ ਹੈ। ਭਾਰਤੀ ਡੇਟਾ ਵਿਕਰੀ ਲਈ ਉਪਲਬਧ ਹੈ ਅਤੇ ਚੀਨੀ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।’’
ਕਾਂਗਰਸ ਨੇ ਅਪਣੇ ਅਧਿਕਾਰਕਤ ਹੈਂਡਲ ’ਤੇ ਪੋਸਟ ਕੀਤਾ, ‘‘ਮੋਦੀ ਸਰਕਾਰ ਨੇ ਦੇਸ਼ ਦੇ ਅਕਸ ਨੂੰ ਕਦੇ ਨਾ ਠੀਕ ਹੋ ਸਕਣ ਵਾਲੀ ਢਾਹ ਲਾਈ ਹੈ। ਉਨ੍ਹਾਂ ਨੇ ਏ.ਆਈ. ਨੂੰ ਮਜ਼ਾਕ ਬਣਾ ਕੇ ਰਖ ਦਿਤਾ ਹੈ। ਇਹ ਇਕ ਅਜਿਹਾ ਖੇਤਰ ਹੈ ਜਿਸ ’ਚ ਅਸੀਂ ਅਪਣੀ ਡੇਟਾ ਦੀ ਤਾਕਤ ਨੂੰ ਵੇਖਦਿਆਂ ਵਿਸ਼ਵ ਦੇ ਮੋਢੀ ਬਣ ਸਕਦੇ ਹਾਂ।’’
ਭਲਕੇ ਆਮ ਲੋਕਾਂ ਲਈ ਬੰਦ ਰਹੇਗਾ ‘ਇੰਡੀਆ ਏ.ਆਈ਼ ਐਕਸਪੋ ਸੁਮਿਟ’
21 ਫ਼ਰਵਰੀ ਨੂੰ ਇਕ ਵਾਧੂ ਦਿਨ ਖੁਲ੍ਹੇਗਾ
‘ਇੰਡੀਆ ਏ.ਆਈ. ਐਕਸਪੋ ਸੁਮਿਟ’ 19 ਫ਼ਰਵਰੀ ਨੂੰ ਬੰਦ ਰਹੇਗਾ ਅਤੇ ਇਸ ਦੀ ਬਜਾਏ ਲੋਕਾਂ ਲਈ ਇਸ ਨੂੰ ਇਕ ਵਾਧੂ ਦਿਨ 21 ਫ਼ਰਵਰੀ ਨੂੰ ਵੀ ਖੋਲ੍ਹਿਆ ਜਾਵੇਗਾ। ਇਕ ਸੀਨੀਅਰ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਫ਼ਰਵਰੀ ਨੂੰ ਮੁੱਖ ਸਿਖਰ ਸੰਮੇਲਨ ਦਾ ਉਦਘਾਟਨ ਕਰਨਗੇ। ਇਲੈਕਟ੍ਰਾਨਿਕਸ ਅਤੇ ਆਈ.ਟੀ. ਸਕੱਤਰ ਐਸ. ਕ੍ਰਿਸ਼ਣਨ ਨੇ ਕਿਹਾ, ‘‘19 ਫ਼ਰਵਰੀ ਨੂੰ ਐਕਸਪੋ ਬੰਦ ਰਹੇਗਾ। ਭਾਰੀ ਉਤਸ਼ਾਹ ਕਾਰਨ ਇਸ ਨੂੰ ਇਕ ਦਿਨ ਲਈ ਵਧਾ ਦਿਤਾ ਗਿਆ ਹੈ। ਇਹ ਸਨਿਚਰਵਾਰ 21 ਫ਼ਰਵਰੀ ਨੂੰ ਖੁੱਲ੍ਹਾ ਰਹੇਗਾ।’’ ਕ੍ਰਿਸ਼ਣਨ ਨੇ ਕਿਹਾ ਕਿ ਉਦਘਾਟਨ ਸੈਸ਼ਨ ’ਚ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਸਮੇਤ 20 ਦੇਸ਼ਾਂ ਦੇ ਮੁਖੀ ਮੌਜੂਦ ਰਹਿਣਗੇ।’’ ਉਨ੍ਹਾਂ ਕਿਹਾ, ‘‘ਅਸੀਂ ਪਾਬੰਦੀਆਂ ਕਾਰਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੇਚਲ ਨਹੀਂ ਪਹੁੰਚਾਉਣਾ ਚਾਹੁੰਦੇ। ਇਸ ਲਈ ਕਲ ਐਕਸਪੋ ਨਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ।’’ ਇਸ ਤੋਂ ਪਹਿਲਾਂ ਐਕਸਪੋ 16 ਤੋਂ 20 ਫ਼ਰਵਰੀ ਵਿਚਕਾਰ ਹੋਣਾ ਸੀ।