ਉਡੀਸਾ ਦੇ ਜੁੜਵਾਂ ਭਰਾਵਾਂ ਨੇ JEE ਮੇਨ ’ਚ ਹਾਸਲ ਕੀਤੇ ਇਕੋ ਜਿਹੇ ਅੰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਰੂਫ ਅਹਿਮਦ ਖਾਨ ਤੇ ਮਸਰੂਰ ਅਹਿਮਦ ਨੂੰ ਮਿਲੇ 99.998 % ਅੰਕ

Twin brothers from Odisha score identical marks in JEE Main

ਕੋਟਾ : ਕੋਟਾ ਜੁੜਵਾਂ ਭਰਾਵਾਂ ਦੀ ਮੁਕਾਬਲੇਬਾਜ਼ੀ ਘਰ ਵਿੱਚ ਹੀ ਖਤਮ ਹੋ ਗਈ ਜਦੋਂ ਇੱਕੋ ਜਿਹੇ ਜੁੜਵਾਂ ਭਰਾ ਮਹਿਰੂਫ ਅਹਿਮਦ ਖਾਨ ਅਤੇ ਮਸਰੂਰ ਅਹਿਮਦ ਖਾਨ ਨੇ JEE ਮੇਨ ਵਿੱਚ ਇੱਕੋ ਜਿਹੇ 285 ਅੰਕ ਹਾਸਲ ਕੀਤੇ ਅਤੇ 99.998 ਫੀਸਦੀ ਅੰਕ ਪ੍ਰਾਪਤ ਕੀਤੇ। ਭੁਵਨੇਸ਼ਵਰ ਤੋਂ ਇਹ ਜੁੜਵਾਂ ਭਰਾ ਇੱਥੇ ਐਲਨ ਕਰੀਅਰ ਇੰਸਟੀਚਿਊਟ ਦੇ ਵਿਦਿਆਰਥੀ ਸਨ ਅਤੇ JEE ਮੇਨ 2026 ਦੀ ਪ੍ਰੀਖਿਆ ਉਹ ਇੱਕੋ ਸ਼ਿਫਟ ਅਤੇ ਇੱਕੋ ਕੇਂਦਰ ਵਿੱਚ ਦੇਣ ਗਏ ਸਨ। ਪ੍ਰੀਖਿਆ ਦਾ ਨਤੀਜਾ ਸੋਮਵਾਰ ਨੂੰ ਐਲਾਨਿਆ ਗਿਆ ਸੀ। 7 ਮਈ 2008 ਨੂੰ ਜਨਮੇ ਇਹ ਭਰਾ ਸਕੂਲ ਤੋਂ ਲੈ ਕੇ ਕੋਚਿੰਗ ਕਲਾਸਾਂ ਤੱਕ ਸੱਭ ਕੁਝ ਇਕੱਠੇ ਪੜ੍ਹੇ ਹਨ।


ਉਨ੍ਹਾਂ ਦੇ ਕੋਚਿੰਗ ਇੰਸਟੀਚਿਊਟ ਅਨੁਸਾਰ, ਉਨ੍ਹਾਂ ਦੀ ਮਾਂ ਡਾ. ਜ਼ੀਨਤ ਬੇਗਮ 1990ਵਿਆਂ ਤੋਂ ਓਡੀਸ਼ਾ ਸਰਕਾਰ ਨਾਲ ਗਾਇਨੀਕਾਲੌਜਿਸਟ ਵਜੋਂ ਕੰਮ ਕਰ ਰਹੀ ਸਨ, ਪਰ 2023 ਵਿੱਚ ਉਨ੍ਹਾਂ ਨਾਲ ਕੋਟਾ ਆਉਣ ਲਈ ਨੌਕਰੀ ਛੱਡ ਦਿੱਤੀ ਸੀ। ਬੇਗਮ ਨੇ ਕਿਹਾ, “ਅਸੀਂ 2023 ਵਿੱਚ ਕੋਟਾ ਆਏ ਸੀ, ਸ਼ੁਰੂ ਵਿੱਚ ਓਲੰਪਿਆਡ ਦੀ ਤਿਆਰੀ ਲਈ ਕਿਉਂਕਿ ਦੋਵੇਂ ਭਰਾਵਾਂ ਨੇ ਇੰਟਰਨੈਸ਼ਨਲ ਸਾਇੰਸ ਓਲੰਪਿਆਡ ਲਈ ਕੁਆਲੀਫਾਈ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੇ JEE ਕੋਚਿੰਗ ਕਰਨ ਦਾ ਫੈਸਲਾ ਕੀਤਾ।”

ਉਨ੍ਹਾਂ ਨੇ ਦੱਸਿਆ ਕਿ ਦੋਵੇਂ ਹਮੇਸ਼ਾ ਤੋਂ ਹੀ ਉੱਚ ਪੱਧਰੀ ਪ੍ਰਦਰਸ਼ਨ ਕਰਦੇ ਆ ਰਹੇ ਹਨ। 10ਵੀਂ ਕਲਾਸ ਵਿੱਚ ਮਹਿਰੂਫ ਨੇ 95.2 ਪ੍ਰਤੀਸ਼ਤ ਅਤੇ ਮਸਰੂਰ ਨੇ 97.2 ਪ੍ਰਤੀਸ਼ਤ ਅੰਕ ਲਏ ਸਨ। ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਓਲੰਪਿਆਡਾਂ ਵਿੱਚ ਲਗਭਗ 40-40 ਮੈਡਲ ਵੀ ਜਿੱਤੇ ਹਨ। ਜੁੜਵਾਂ ਭਰਾਵਾਂ ਨੇ ਇੱਕੋ ਜਿਹੀ ਪੜ੍ਹਾਈ ਦੀ ਰਣਨੀਤੀ ਅਤੇ ਟਾਈਮ-ਟੇਬਲ ਅਪਣਾਇਆ, ਅਕਸਰ ਟੈਸਟਾਂ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਸਨ। ਜੇ ਕਿਸੇ ਨੂੰ ਘੱਟ ਅੰਕ ਆਉਂਦੇ ਤਾਂ ਉਹ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਅਤੇ ਗਲਤੀਆਂ ਦਾ ਵਿਸ਼ਲੇਸ਼ਣ ਕਰਕੇ ਅਗਲੀ ਪ੍ਰੀਖਿਆ ਵਿੱਚ ਸੁਧਾਰ ਕਰਦੇ ਸਨ।

ਬੇਗਮ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਗਣਿਤ ਵਿੱਚ ਦਿਲਚਸਪੀ ਸੀ, ਇਸ ਲਈ ਉਨ੍ਹਾਂ ਨੇ ਮੈਡੀਸਨ ਦੀ ਬਜਾਏ ਇੰਜੀਨੀਅਰਿੰਗ ਚੁਣਿਆ । ਉਹ ਆਈ.ਆਈ.ਟੀ. ਬੰਬਈ ਵਿੱਚ ਕੰਪਿਊਟਰ ਸਾਇੰਸ ਵਿੱਚ ਬੀ.ਟੈਕ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਪਹਿਲ ਕੰਪਿਊਟਰ ਸਾਇੰਸ ਹੈ। ਅਕੈਡਮਿਕ ਤੋਂ ਇਲਾਵਾ ਬਚਪਨ ਵਿੱਚ ਦੋਵਾਂ ਭਰਾਵਾਂ ਨੂੰ ਕਰਾਟੇ ਵਿੱਚ ਵੀ ਬਹੁਤ ਦਿਲਚਸਪੀ ਸੀ। ਬੇਗਮ ਨੇ ਦੱਸਿਆ। ਜੁੜਵਾਂ ਭਰਾ ਹੁਣ JEE ਐਡਵਾਂਸਡ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਵੀ ਡਾਕਟਰ ਹਨ ਅਤੇ ਫਿਲਹਾਲ ਓਡੀਸ਼ਾ ਵਿੱਚ ਕੰਮ ਕਰ ਰਹੇ ਹਨ।