ਕਾਂਗਰਸ ਵਿਧਾਇਕ ਪਾਰਟੀ ਦੀ ਪਣਜੀ ਵਿਖੇ ਮੀਟਿੰਗ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕੀਤਾ

There was a meeting of the Congress Legislative Party at Panaji

ਗੋਆ- ਗੋਆ ਦੇ ਸਾਰੇ 14 ਕਾਂਗਰਸੀ ਵਿਧਾਇਕ ਅੱਜ ਦੁਪਹਿਰ ਨੂੰ ਰਾਜ ਭਵਨ ਜਾ ਕੇ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਮਿਲੇ ਤੇ ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕੀਤਾ। ਭਾਜਪਾ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ। ਕਾਂਗਰਸ ਵਿਧਾਇਕ ਪਾਰਟੀ ਦੀ ਅੱਜ ਸਵੇਰੇ ਪਣਜੀ ਵਿਖੇ ਮੀਟਿੰਗ ਹੋਈ। ਵਿਰੋਧੀ ਧਿਰ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਕਿਹਾ ਕਿ ਪਾਰਟੀ ਵਿਧਾਇਕਾ ਨੇ ਬਿਨਾ ਸੱਦਿਆਂ ਹੀ ਰਾਜ ਭਵਨ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਰਾਜਪਾਲ ਨੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਵਿਰੋਧੀ ਕਾਂਗਰਸ ਪਾਰਟੀ ਨੇ ਰਾਜਪਾਲ ਨੂੰ ਸਰਕਾਰ ਬਣਾਉਣ ਦੇ ਦਾਅਵੇ ਦੀ ਚਿੱਠੀ ਪੇਸ਼ ਕਰ ਦਿੱਤੀ ਸੀ ਤੇ ਐਤਵਾਰ ਨੂੰ ਦੋਬਾਰਾ ਇਹ ਦਾਅਵਾ ਪੇਸ਼ ਕੀਤਾ ਗਿਆ। ਸ੍ਰੀ ਕਾਵਲੇਕਰ ਨੇ ਕਿਹਾ ਕਿ ਸਦਨ ਵਿਚ ਇਸ ਵੇਲੇ ਕਾਂਗਰਸ ਦਾ ਬਹੁਮੱਤ ਹੈ ਫਿਰ ਵੀ ਰਾਜਪਾਲ ਤੋਂ ਸਮਾਂ ਲੈਣਾ ਔਖਾ ਹੋ ਰਿਹਾ ਹੈ। ਸਾਡੀ ਮੰਗ ਹੈ ਕਿ ਸਾਨੂੰ ਹੁਣ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਵੇ ਕਿਉਂਕਿ ਪਾਰੀਕਰ ਦੇ ਦੇਹਾਂਤ ਤੋਂ ਬਾਅਦ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੀ ਹੋਂਦ ਹੀ ਖ਼ਤਮ ਹੋ ਗਈ ਹੈ।

ਸ੍ਰੀ ਕਾਵਲੇਕਰ ਨੇ ਦਾਅਵਾ ਕੀਤਾ ਕਿ ਇਸ ਵੇਲੇ ਕਾਂਗਰਸ ਹੀ ਗੋਆ ਦੀ ਸਭ ਤੋਂ ਵੱਡੀ ਪਾਰਟੀ ਹੈ ਕਿਉਂਕਿ ਉਸ ਕੋਲ 14 ਤੇ ਭਾਜਪਾ ਕੋਲ 12 ਵਿਧਾਇਕ ਹਨ। ਗੋਆ ਵਿਧਾਨ ਸਭਾ ਦੇ ਕੁੱਲ 40 ਮੈਂਬਰ ਹਨ। ਪਹਿਲਾਂ ਇਸੇ ਵਰ੍ਹੇ ਭਾਜਪਾ ਦੇ ਵਿਧਾਇਕ ਫ਼੍ਰਾਂਸਿਸ ਡੀ’ਸੂਜ਼ਾ ਦਾ ਦੇਹਾਂਤ ਹੋ ਗਿਆ ਸੀ ਤੇ ਐਤਵਾਰ ਨੂੰ ਸ੍ਰੀ ਪਾਰੀਕਰ ਵੀ ਅਕਾਲ ਚਲਾਣਾ ਕਰ ਗਏ।

ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਸੁਭਾਸ਼ ਸ਼ਿਰੋਡਕਰ ਤੇ ਦਯਾਨੰਦ ਸੋਪਤੇ ਦਾ ਵੀ ਪਿਛਲੇ ਵਰ੍ਹੇ ਦੇਹਾਂਤ ਹੋ ਚੁੱਕਾ ਹੈ। ਉੱਧਰ ਗੋਆ ਫ਼ਾਰਵਰਡ ਪਾਰਟੀ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਤਿੰਨ–ਤਿੰਨ ਵਿਧਾਇਕ ਹਨ। ਜਦ ਕਿ ਐੱਨਸੀਪੀ ਦਾ ਇੱਕ ਵਿਧਾਇਕ ਹੈ। ਬਾਕੀ ਦੇ ਵਿਧਾਇਕ ਆਜ਼ਾਦ ਹਨ। ਗੋਆ ’ਚ ਹੁਣ ਤੱਕ ਗੋਆ ਫ਼ਾਰਵਰਡ ਪਾਰਟੀ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਤੇ ਆਜ਼ਾਦ ਵਿਧਾਇਕ ਮਨੋਹਰ ਪਾਰੀਕਰ ਸਰਕਾਰ ਦਾ ਹਿੱਸਾ ਰਿਹਾ ਹੈ।