ਪੀਐਮ ਮੋਦੀ ਨੂੰ ਮਮਤਾ ਬੈਨਰਜੀ ਦਾ ਜਵਾਬ- ਸ਼ੇਰਨੀ ਹਾਂ, ਸਿਰਫ ਜਨਤਾ ਸਾਹਮਣੇ ਸਿਰ ਝੁਕਾਉਂਦੀ ਹਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਨੇ ਭਾਜਪਾ ਨੂੰ ਕਿਹਾ ਲੁਟੇਰਿਆਂ ਦਾ ਦਲ

Mamata Banerjee

ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦਾ ਸਿਆਸੀ ਪਾਰਾ ਗਰਮ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਰੂਲਿਆ ਪਹੁੰਚੇ, ਇੱਥੇ ਉਹਨਾਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਵੀ ਅਮਲਾਸੁਲੀ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਅਤੇ ਭਾਜਪਾ ’ਤੇ ਹਮਲਾ ਬੋਲਿਆ।

ਮਮਤਾ ਬੈਨਰਜੀ ਨੇ ਭਾਜਪਾ ਨੂੰ ਲੁਟੇਰਿਆਂ ਦਾ ਦਲ ਕਿਹਾ। ਮਮਤਾ ਨੇ ਪੀਐਮ ਮੋਦੀ ਦਾ ਨਾਮ ਲਏ ਬਿਨਾਂ ਉਹਨਾਂ ਉੱਤੇ ਸ਼ਬਦੀ ਹਮਲੇ ਕੀਤੇ। ਮਮਤਾ ਬੈਨਰਜੀ ਨੇ ਕਿਹਾ ਕਿ ‘ਹਜ਼ਾਰਾਂ ਦੀ ਗਿਣਤੀ ਵਿਚ ਨੇਤਾ ਇੱਥੇ ਵੋਟਾਂ ਲੁੱਟਣ ਆ ਰਹੇ ਹਨ, ਉਹ ਕਈ ਸੁਪਨੇ ਵੀ ਦਿਖਾ ਰਹੇ ਹਨ। ਸੂਬੇ ਦੀ ਜਨਤਾ ਨੂੰ ਅਜਿਹੇ ਲੋਕਾਂ ਦੇ ਬਹਿਕਾਵੇ ਵਿਚ ਆਉਣ ਦੀ ਲੋੜ ਨਹੀਂ ਹੈ, ਅਜਿਹੇ ਲੋਕ ਸਿਰਫ ਵੋਟ ਲੈਣ ਤੋਂ ਬਾਅਦ ਅਪਣੇ ਵਾਅਦੇ ਭੁੱਲ ਜਾਂਦੇ ਹਨ’।

ਟੀਐਮਸੀ ਮੁਖੀ ਨੇ ਅੱਗੇ ਕਿਹਾ ਕਿ ਜਦੋਂ ਇਹ ਲੁਟੇਰੇ ਵੋਟਾਂ ਮੰਗਣ ਆਉਣ ਤਾਂ ਇਹਨਾਂ ਨੂੰ ਬਰਤਨ ਮਾਰ ਕੇ ਭਜਾਓ। ਉਹਨਾਂ ਲੋਕਾਂ ਨੂੰ ਕਹੋ ਕਿ ਅਸੀਂ ਇੱਥੇ ਦੰਗੇ ਨਹੀਂ ਚਾਹੁੰਦੇ। ਖੁਦ ਨੂੰ ਸ਼ੇਰਨੀ ਦੱਸਦਿਆਂ ਮਮਤਾ ਨੇ ਕਿਹਾ, ‘ਮੈਂ ਇਕ ਸ਼ੇਰਨੀ ਦੀ ਤਰ੍ਹਾਂ ਹਾਂ ਅਤੇ ਮੈਂ ਅਪਣਾ ਸਿਰ ਨਹੀਂ ਝੁਕਾਵਾਂਗੀ। ਮੈਂ ਸਿਰਫ ਜਨਤਾ ਦੇ ਸਾਹਮਣੇ ਅਪਣਾ ਸਿਰ ਝੁਕਾਉਂਦੀ ਹਾਂ ਪਰ ਭਾਜਪਾ ਵਰਗੀਆਂ ਪਾਰਟੀਆਂ ਔਰਤਾਂ, ਦਲਿਤਾਂ ‘ਤੇ ਅੱਤਿਆਚਾਰ ਕਰਦੀਆਂ ਹਨ। ਮੈਂ ਕਿਸੇ ਵੀ ਹਾਲ ਵਿਚ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੀ।