ਉਤਰਾਖੰਡ ਦੇ ਮੁੱਖ ਮੰਤਰੀ ਦੇ ਫਟੀ ਜੀਨ ਵਾਲੇ ਬਿਆਨ 'ਤੇ ਵਰ੍ਹੇ ਕਾਂਗਰਸੀ ਨੇਤਾ ਹਰੀਸ਼ ਰਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਔਰਤਾਂ ਨੂੰ ਇੰਨੀ ਆਜ਼ਾਦੀ ਦਿਓ ਕਿ ਆਪਣੀ ਪਸੰਦ ਦੇ ਕੱਪੜੇ ਪਾ ਸਕਣ

Uttarakhand former Chief Minister

ਨਵੀਂ ਦਿੱਲੀ:  ਬੀਤੇ ਦਿਨ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਦਿੱਤੇ ਗਏ ਇਕ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ ਹੈ। ਦਰਅਸਲ ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਗੋਡਿਆਂ ਤੋਂ ਫਟੀਆਂ ਜੀਨਸ ਪਹਿਨ ਰਹੀਆਂ ਔਰਤਾਂ ਨੂੰ ਦੇਖ ਕੇ ਉਹਨਾਂ ਨੂੰ ਹੈਰਾਨੀ ਹੁੰਦੀ ਹੈ। ਇਸ ਦੇ ਚਲਦੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਹਰੀਸ਼ ਰਾਵਤ ਵੱਲੋਂ ਇਸ ਮਾਮਲੇ 'ਤੇ ਟਵੀਟ ਕੀਤਾ ਗਿਆ ਹੈ। 

ਉਨ੍ਹਾਂ ਨੇ ਟਵੀਟ ਕਰ ਲਿਖਿਆ, "ਮੁੱਖ ਮੰਤਰੀ ਨੂੰ ਉਤਰਾਖੰਡ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿੱਥੇ ਉਨ੍ਹਾਂ ਨੇ ਜੀਨਸ ਅਤੇ ਅੱਜ ਦੇ ਫੈਸ਼ਨ 'ਤੇ ਟਿੱਪਣੀ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰਤਾਂ ਨੂੰ  ਇੰਨੀ ਆਜ਼ਾਦੀ ਦਿਓ ਕਿ ਆਪਣੀ ਪਸੰਦ ਦੇ ਕੱਪੜੇ ਪਾ ਸਕਣ ਅਤੇ ਤੁਸੀਂ ਇਸ ਬਾਰੇ ਸੀਖ  ਦੇਣੀ ਸ਼ੁਰੂ ਕਰ ਦਿੱਤੀ ਹੈ।"

ਦੱਸਣਯੋਗ ਹੈ ਕਿ ਉਤਰਾਖੰਡ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਗੁਲ ਪਨਾਗ ਨੇ ਟਵਿਟਰ ’ਤੇ ਅਪਣੀ ਅਤੇ ਅਪਣੀ ਬੱਚੀ ਦੀ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਗੁਲ ਪਨਾਗ ਨੇ ਕੈਪਸ਼ਨ ਲਿਖ ਕੇ ਔਰਤਾਂ ਨੂੰ ਰਿਪਡ ਜੀਨਸ ਪਾਉਣ ਲਈ ਕਿਹਾ। ਅਦਾਕਾਰਾ ਨੇ ਲਿਖਿਆ, ‘ਰਿਪਡ ਜੀਨਸ ਲੈ ਕੇ ਆਓ’। ਇਸ ਤੋਂ ਇਲਾਵਾ ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਟਵੀਟ ਕਰਕੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਠੋਕਵਾਂ ਜਵਾਬ ਦਿੱਤਾ ਹੈ।