ਚੀਨ 'ਚ ਓਮੀਕਰੋਨ ਵੇਵ ਤੋਂ ਬਾਅਦ ਭਾਰਤ ਚੌਕਸ, ਕੇਂਦਰ ਨੇ ਸੂਬਿਆਂ ਨੂੰ ਪੱਤਰ ਲਿਖ ਕੇ ਦਿਤੀ ਚੇਤਾਵਨੀ  

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕੋਰੋਨਾ ਮਾਮਲਿਆਂ ਦੀ ਗਿਣਤੀ ਘਟਦੀ ਦੇਖ ਕਿਸੇ ਵੀ ਸੂਬੇ ਦੇ ਪ੍ਰਸ਼ਾਸਨ ਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ 

Coronavirus

ਨਵੀਂ ਦਿੱਲੀ : ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਦੇ ਨਾਲ-ਨਾਲ ਯੂਰਪ ਦੇ ਕੁਝ ਦੇਸ਼ਾਂ ਵਿਚ ਕੋਵਿਡ-19 ਮਹਾਂਮਾਰੀ ਦੀ ਨਵੀਂ ਲਹਿਰ ਦੇ ਮੱਦੇਨਜ਼ਰ ਭਾਰਤ ਸਰਕਾਰ ਵੀ ਸਾਵਧਾਨ ਹੋ ਗਈ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਨੂੰ ਪੱਤਰ ਲਿਖ ਕੇ ਚੇਤਾਵਨੀ ਦਿਤੀ ਹੈ। 

ਪੱਤਰ ਵਿਚ ਰਾਜੇਸ਼ ਭੂਸ਼ਣ ਨੇ ਕਿਹਾ ਹੈ ਕਿ ਕਿਸੇ ਵੀ ਰਾਜ ਦੇ ਪ੍ਰਸ਼ਾਸਨ  ਨੂੰ ਇਹ ਸੋਚ ਕੇ ਲਾਪਰਵਾਹ ਨਹੀਂ ਹੋਣਾ ਚਾਹੀਦਾ ਹੈ ਕਿ ਹੁਣ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਚਿੰਤਾਜਨਕ ਨਹੀਂ ਹੈ। ਆਪਣੇ ਪੱਤਰ ਵਿਚ ਰਾਜੇਸ਼ ਭੂਸ਼ਣ ਨੇ ਸਾਰਿਆਂ ਨੂੰ ਚੌਕਸ ਰਹਿੰਦੇ ਹੋਏ ਪੰਜ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਹੈ। ਇਹਨਾਂ ਵਿਚ ਟੈਸਟਿੰਗ, ਖੋਜ, ਇਲਾਜ, ਟੀਕਾਕਰਨ ਅਤੇ ਕੋਵਿਡ-ਅਨੁਕੂਲ ਵਿਵਹਾਰ ਸ਼ਾਮਲ ਹਨ।

ਪੱਤਰ ਰਾਹੀਂ ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲੋੜੀਂਦੀ ਮਾਤਰਾ ਵਿਚ ਨਮੂਨੇ ਭੇਜਦੇ ਰਹਿਣ ਦੇ ਨਿਰਦੇਸ਼ ਦਿਤੇ ਹਨ ਤਾਂ ਜੋ ਸਮੇਂ ਸਿਰ ਨਵੇਂ ਕੋਰੋਨਾ ਰੂਪਾਂ ਦਾ ਪਤਾ ਲਗਾਇਆ ਜਾ ਸਕੇ। ਪੱਤਰ ਵਿਚ ਕਿਹਾ ਗਿਆ ਹੈ ਕਿ ਦੱਖਣ-ਪੂਰਬੀ ਏਸ਼ੀਆ ਅਤੇ ਯੂਰਪ ਦੇ ਕੁਝ ਦੇਸ਼ਾਂ ਵਿਚ ਕੋਰੋਨਾ ਦੀ ਨਵੀਂ ਲਹਿਰ ਦੇਖਣ ਨੂੰ ਮਿਲ ਰਹੀ ਹੈ। 

ਇਸ ਕਾਰਨ, ਸਿਹਤ ਮੰਤਰੀ ਨੇ 16 ਮਾਰਚ ਨੂੰ ਇੱਕ ਉੱਚ-ਪੱਧਰੀ ਮੀਟਿੰਗ ਕੀਤੀ, ਜਿਸ 'ਚ ਇਹ ਸੁਝਾਅ ਦਿਤਾ ਗਿਆ ਸੀ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੀਨੋਮ ਸੀਕਵੈਂਸਿੰਗ 'ਤੇ ਜ਼ੋਰਦਾਰ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ, ਨਾਲ ਹੀ ਕੋਵਿਡ -19 ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖਣੀ ਚਾਹੀਦੀ ਹੈ। ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹਾਂਗਾ ਕਿ ਟੈਸਟ, ਟ੍ਰੈਕ, ਟ੍ਰੀਟ, ਟੀਕਾਕਰਨ ਅਤੇ ਕੋਵਿਡ ਅਨੁਕੂਲ ਅਭਿਆਸਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਰਾਜ ਸਰਕਾਰ ਨੂੰ ਲੋਕਾਂ ਨੂੰ ਕੋਵਿਡ ਵਿਰੋਧੀ ਵੈਕਸੀਨ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਨਾਲ ਹੀ ਲੋਕਾਂ ਨੂੰ ਵੀ ਕਿਹਾ ਗਿਆ ਹੈ ਕਿ ਫੇਸ ਮਾਸਕ ਪਹਿਨ ਕੇ ਰੱਖੋ, ਜਨਤਕ ਥਾਵਾਂ ਜਾਂ ਭੀੜ ਵਿਚ ਇੱਕ ਦੂਜੇ ਤੋਂ ਸਰੀਰਕ ਦੂਰੀ ਬਣਾਈ ਰੱਖੋ ਅਤੇ ਸਫਾਈ ਵੱਲ ਧਿਆਨ ਦਿਓ। ਪੱਤਰ ਵਿਚ ਕਿਹਾ ਗਿਆ ਹੈ ਕਿ 25 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦਾ ਸੁਝਾਅ ਦਿਤਾ ਸੀ, ਉਹ ਜਾਰੀ ਰੱਖਣ ਪਰ ਲਾਪਰਵਾਹੀ ਨਾ ਵਰਤਣ।