ਲੋਕਾਂ ਦੇ ਜੀਵਨ ਨੂੰ ਬਦਲਣ ਵਿਚ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ ਮੀਡੀਆ: ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੀਡੀਆ ਲੋਕਾਂ ਦੇ ਜੀਵਨ ਨੂੰ ਬਦਲਣ ਵਿਚ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ।
ਕੋਜ਼ੀਕੋਡ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੀਡੀਆ ਲੋਕਾਂ ਦੇ ਜੀਵਨ ਨੂੰ ਬਦਲਣ ਵਿਚ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ। ਉਹਨਾਂ ਨੇ ਸਵੱਛ ਭਾਰਤ ਮਿਸ਼ਨ, ਯੋਗਾ, ਸਿਹਤ ਅਤੇ 'ਬੇਟੀ ਬਚਾਓ ਬੇਟੀ ਪੜ੍ਹਾਓ' ਵਰਗੀਆਂ ਸਰਕਾਰ ਦੀਆਂ ਅਭਿਲਾਸ਼ੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਵਿਚ ਚੌਥੇ ਥੰਮ੍ਹ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
PM Modi
ਇਕ ਸ਼ਤਾਬਦੀ ਸਮਾਗਮ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਮੈਂ ਦੇਖਿਆ ਹੈ ਕਿ ਮੀਡੀਆ ਦਾ ਸਕਾਰਾਤਮਕ ਪ੍ਰਭਾਵ ਹੋ ਸਕਦਾ ਹੈ। ਸਵੱਛ ਭਾਰਤ ਮਿਸ਼ਨ ਦੀ ਮਿਸਾਲ ਸਭ ਨੂੰ ਪਤਾ ਹੈ। ਹਰ ਮੀਡੀਆ ਹਾਊਸ ਨੇ ਇਸ ਮਿਸ਼ਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ”।
Media
ਉਹਨਾਂ ਕਿਹਾ ਕਿ ਮੀਡੀਆ ਨੇ ਯੋਗ, ਸਿਹਤ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਵਰਗੀਆਂ ਪਹਿਲਕਦਮੀਆਂ ਨੂੰ ਹਰਮਨ ਪਿਆਰਾ ਬਣਾਉਣ ਵਿਚ ਬਹੁਤ ਉਤਸ਼ਾਹਜਨਕ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਇਹ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਦੇ ਦਾਇਰੇ ਤੋਂ ਬਾਹਰ ਦੇ ਵਿਸ਼ੇ ਹਨ। ਪੀਐਮ ਮੋਦੀ ਨੇ ਕਿਹਾ, "ਇਹ ਪਹਿਲਕਦਮੀਆਂ ਆਉਣ ਵਾਲੇ ਸਾਲਾਂ ਵਿਚ ਇਕ ਬਿਹਤਰ ਰਾਸ਼ਟਰ ਬਣਾਉਣ ਸਬੰਧੀ ਹਨ।"
PM Modi
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵੀ ਆਨਲਾਈਨ ਮਾਧਿਅਮ ਰਾਹੀਂ ਪ੍ਰੋਗਰਾਮ ਵਿਚ ਹਿੱਸਾ ਲਿਆ। ਇਹਨਾਂ ਤੋਂ ਇਲਾਵਾ ਕੇਂਦਰੀ ਮੰਤਰੀ ਵੀ ਮੁਰਲੀਧਰਨ ਅਤੇ ਸੂਬੇ ਦੇ ਸੈਰ ਸਪਾਟਾ ਮੰਤਰੀ ਪੀਏ ਮੁਹੰਮਦ ਰਿਆਸ ਸਮੇਤ ਪਤਵੰਤਿਆਂ ਨੇ ਇਸ ਵਿਚ ਸ਼ਿਰਕਤ ਕੀਤੀ।
PM Modi
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇ ਦੌਰ 'ਚ ਦੁਨੀਆ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ। ਉਹਨਾਂ ਕਿਹਾ, "ਜਦੋਂ ਕੋਵਿਡ -19 ਮਹਾਂਮਾਰੀ ਦੀ ਮਾਰ ਪਈ, ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਭਾਰਤ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲੇਗਾ ਪਰ ਭਾਰਤ ਦੇ ਲੋਕਾਂ ਨੇ ਇਹਨਾਂ ਆਲੋਚਕਾਂ ਨੂੰ ਗਲਤ ਸਾਬਤ ਕਰ ਦਿੱਤਾ"।