ਪਾਬੰਦੀਆਂ ਕਾਰਨ ਸਸਤਾ ਕੱਚਾ ਤੇਲ ਵੇਚ ਰਿਹੈ ਰੂਸ, ਭਾਰਤੀ ਕੰਪਨੀਆਂ ਲੈ ਰਹੀਆਂ ਹਨ ਫ਼ਾਇਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਤਰਾਂ ਨੇ ਦਸਿਆ ਕਿ ਆਈਓਸੀ ਦੀ ਤਰ੍ਹਾਂ ਐਚਪੀਸੀਐਲ ਨੇ ਵੀ ਯੂਰਪੀ ਵਪਾਰੀ ਵਿਟੋਲ ਰਾਹੀਂ ਰੂਸੀ ਯੂਰਾਲਜ਼ ਕਰੂਡ (ਰੂਸੀ ਨਿਰਯਾਤ ਪੱਧਰ ਦਾ ਕੱਚਾ ਤੇਲ) ਖ਼੍ਰੀਦਿਆ ਹੈ

Crude Oil

 

ਨਵੀਂ ਦਿੱਲੀ : ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਤੋਂ ਬਾਅਦ ਹੁਣ ਹਿੰਦੁਸਤਾਨ ਪਟਰੌਲੀਅਮ ਕਾਰਪੋਰੇਸ਼ਨ ਲਿ. (ਐਚਪੀਸੀਐਲ) ਨੇ ਰੂਸ ਤੋਂ 20 ਲੱਖ ਬੈਰਲ ਕੱਚੇ ਤੇਲ ਦੀ ਖ਼ਰੀਦ ਕੀਤੀ ਹੈ। ਭਾਰਤੀ ਤੇਲ ਰਿਫ਼ਾਈਨਰੀ ਕੰਪਨੀਆਂ ਘੱਟ ਕੀਮਤ ’ਤੇ ਉਪਲਬਧ ਰੂਸੀ ਤੇਲ ਨੂੰ ਖ਼੍ਰੀਦਣ ਲਈ ਕਦਮ ਚੁੱਕ ਰਹੀਆਂ ਹਨ। ਇਸ ਮਾਮਲੇ ਤੋਂ ਜਾਣੂ ਸੂਤਰਾਂ ਨੇ ਦਸਿਆ ਕਿ ਆਈਓਸੀ ਦੀ ਤਰ੍ਹਾਂ ਐਚਪੀਸੀਐਲ ਨੇ ਵੀ ਯੂਰਪੀ ਵਪਾਰੀ ਵਿਟੋਲ ਰਾਹੀਂ ਰੂਸੀ ਯੂਰਾਲਜ਼ ਕਰੂਡ (ਰੂਸੀ ਨਿਰਯਾਤ ਪੱਧਰ ਦਾ ਕੱਚਾ ਤੇਲ) ਖ਼੍ਰੀਦਿਆ ਹੈ

 

 

ਇਸ ਤੋਂ ਇਲਾਵਾ ਮੰਗਲੌਰ ਰਿਫ਼ਾਈਨਰੀ ਐਂਡ ਪੈਟਰੋ ਕੈਮੀਕਲਜ਼ ਲਿ. (ਐਮਆਰਪੀਐਲ) ਨੇ ਇਸੇ ਤਰ੍ਹਾਂ ਦਾ 10 ਲੱਖ ਬੈਰਲ ਕੱਚਾ ਤੇਲ ਖ਼੍ਰੀਦਣ ਲਈ ਟੈਂਡਰ ਜਾਰੀ ਕੀਤਾ ਹੈ। ਯੂਕਰੇਨ ’ਤੇ ਰੂਸ ਦੇ ਹਮਲੇ ਨੂੰ ਲੈ ਕੇ ਪਛਮੀ ਦੇਸ਼ਾਂ ਵਲੋਂ ਇਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਕਈ ਕੰਪਨੀਆਂ ਅਤੇ ਦੇਸ਼ ਤੇਲ ਖ਼੍ਰੀਦਣ ਤੋਂ ਬਚ ਰਹੇ ਹਨ। ਇਸ ਕਾਰਨ ਰੂਸੀ ਕੱਚੇ ਤੇਲ ਦੀ ਕੀਮਤ ’ਚ ਕਮੀ ਆਈ ਹੈ ਅਤੇ ਇਹ ਬਾਜ਼ਾਰ ’ਚ ਭਾਰੀ ਛੋਟ ’ਤੇ ਉਪਲਬਧ ਹੈ। 

 

ਇਸ ਮੌਕੇ ਦਾ ਫ਼ਾਇਦਾ ਉਠਾਉਣ ਲਈ ਭਾਰਤੀ ਰਿਫ਼ਾਈਨਰੀ ਕੰਪਨੀਆਂ ਨੇ ਘੱਟ ਕੀਮਤ ’ਤੇ ਤੇਲ ਖ੍ਰੀਦਣ ਲਈ ਟੈਂਡਰ ਜਾਰੀ ਕੀਤੇ ਹਨ। ਜਿਨ੍ਹਾਂ ਵਪਾਰੀਆਂ ਨੇ ਸਸਤੇ ਰੂਸੀ ਤੇਲ ਦਾ ਭੰਡਾਰ ਕੀਤਾ ਹੈ, ਉਹ ਇਨ੍ਹਾਂ ਟੈਂਡਰਾਂ ਲਈ ਸਫ਼ਲ ਬੋਲੀਕਾਰ ਵਜੋਂ ਉਭਰੇ ਹਨ। ਸੂਤਰਾਂ ਨੇ ਦਸਿਆ ਕਿ ਦੇਸ਼ ਦੀ ਸੱਭ ਤੋਂ ਵੱਡੀ ਪਟਰੌਲੀਅਮ ਕੰਪਨੀ ਆਈਓਸੀ ਨੇ ਪਿਛਲੇ ਹਫ਼ਤੇ ਵਿਟੋਲ ਰਾਹੀਂ ਮਈ ਡਿਲੀਵਰੀ ਲਈ ਰੂਸੀ ਕਰੂਡ ਦੀ ਖ਼ਰੀਦ ਕੀਤੀ ਸੀ।

 

ਕੰਪਨੀ ਨੂੰ ਇਹ ਤੇਲ 20 ਤੋਂ 25 ਬੈਰਲ ਤਕ ਸਸਤਾ ਮਿਲਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਹਫ਼ਤੇ ਐਚਪੀਸੀਐਲ ਨੇ 20 ਲੱਖ ਬੈਰਲ ਯੂਰਾਲਜ਼ ਕਰੂਡ ਦੀ ਖ਼ਰੀਦ ਕੀਤੀ ਹੈ। ਸੂਤਰਾਂ ਨੇ ਕਿਹਾ ਕਿ 20-25 ਡਾਲਰ ਪ੍ਰਤੀ ਬੈਰਲ ਦੀ ਛੋਟ ਨੇ ਮਾਹੌਲ ਰੂਸੀ ਕੱਚੇ ਤੇਲ ਦੇ ਪੱਖ ਬਣਾ ਦਿਤਾ ਹੈ ਅਤੇ ਭਾਰਤੀ ਰਿਫ਼ਾਈਨਰੀ ਕੰਪਨੀਆਂ ਇਸ ਮੌਕੇ ਦਾ ਫ਼ਾਇਦਾ ਉਠਾ ਰਹੀਆਂ ਹਨ।         (ਏਜੰਸੀ)