ਭਾਰਤ ਦੇ ਦੋ ਪਾਇਲਟਾਂ ਨੂੰ ਜਹਾਜ਼ ਦੇ ਕਾਕਪਿਟ 'ਚ ਗੁਜੀਆ ਤੇ ਕੌਫ਼ੀ ਪੀਣੀ ਪਈ ਮਹਿੰਗੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮਸ਼ਹੂਰ ਏਅਰਲਾਈਨ SpiceJet ਨੇ ਦੋਵਾਂ ਨੂੰ ਕੀਤਾ ਮੁਅੱਤਲ 

Spicejet suspends 2 pilots for having “Gujiya” in the flight cockpit

ਹੋਲੀ ਵਾਲੇ ਦਿਨ ਦਾ ਦੱਸਿਆ ਜਾ ਰਿਹਾ ਮਾਮਲਾ 

ਨਵੀਂ ਦਿੱਲੀ : ਭਾਰਤ ਦੇ ਦੋ ਪਾਇਲਟਾਂ ਨੂੰ ਜਹਾਜ਼ ਦੇ ਕਾਕਪਿਟ ਵਿੱਚ ਗੁਜੀਆ ਤੇ ਕੌਫ਼ੀ ਪੀਣੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਏਅਰਲਾਈਨ ਨੇ ਦੋਵਾਂ ਨੂੰ ਹੀ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਏਅਰਲਾਈਨ ਸਪਾਈਸਜੈੱਟ ਵਲੋਂ ਕੀਤੀ ਗਈ ਹੈ।

ਅਸਲ ਵਿਚ ਜਹਾਜ਼ ਦੇ ਕਾਕਪਿਟ 'ਚ ਗੁਜੀਆ ਅਤੇ ਕੌਫ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ। ਇਸ ਤਸਵੀਰ ਵਿੱਚ ਉਹ ਜਹਾਜ਼ ਦੀ ਕਾਕਪਿਟ ਵਿੱਚ ਬਹਿ ਕੇ ਕੌਫ਼ੀ ਦੇ ਨਾਲ ਗੁਜੀਆ ਖਾ ਰਹੇ ਸਨ।

ਹਾਲਾਂਕਿ ਫ਼ੋਟੋ ਵਿੱਚ ਪਾਇਲਟਾਂ ਦੇ ਚਿਹਰੇ ਨਹੀਂ ਵਿਖਾਏ ਗਏ ਪਰ ਕੱਪ ਦੇ ਉੱਤੇ ਸਪਾਈਸਜੈੱਟ ਦਾ ਲੋਗੋ ਵੇਖਿਆ ਜਾ ਸਕਦਾ ਹੈ। ਇਹ ਫ਼ੋਟੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਗਈ। ਇਹ ਵਾਇਰਲ ਫ਼ੋਟੋ ਏਵੀਏਸ਼ਨ ਭਾਈਚਾਰੇ ਕੋਲ ਵੀ ਪਹੁੰਚੀ।

ਇਹ ਵੀ ਪੜ੍ਹੋ:  ਗੰਭੀਰ ਹੋ ਰਹੀ ਬੇਰੁਜ਼ਗਾਰੀ ਦੀ ਸਮੱਸਿਆ! ਚਪੜਾਸੀ ਦੀ ਇੰਟਰਵਿਊ ਦੇਣ ਪਹੁੰਚੇ ਇੰਜੀਨੀਅਰ

ਤਸਵੀਰ 'ਚ ਦਿਖਾਈ ਦੇ ਰਹੇ ਕੱਪ ਦੇ ਉੱਤੇ ਕੋਈ ਢੱਕਣ ਨਹੀਂ ਲੱਗਿਆ ਹੋਇਆ ਸੀ, ਜਿਸ 'ਤੇ ਏਵੀਏਸ਼ਨ ਭਾਈਚਾਰੇ ਨੇ ਇਤਰਾਜ਼ ਕੀਤਾ। ਉਨ੍ਹਾਂ ਇਸ ਵਰਤਾਰੇ ਨੂੰ ਇੱਕ ਅੱਲ੍ਹੜਪੁਣੇ ਵਾਲਾ ਕਾਰਨਾਮਾ ਦੱਸਿਆ ਤੇ ਕਿਹਾ ਕਿ ਇਹ ਯਾਤਰੀਆਂ ਅਤੇ ਜਹਾਜ਼ ਲਈ ਖ਼ਤਰਨਾਕ ਹੋ ਸਕਦਾ ਸੀ।

ਰਿਪੋਰਟਾਂ ਅਨੁਸਾਰ, ਦੋਵੇਂ ਪਾਇਲਟਾਂ ਨੂੰ ਉਨ੍ਹਾਂ ਦੇ ਕੰਮ ਦੇ ਸ਼ਡਿਊਲ ਤੋਂ ਹਟਾ ਦਿੱਤਾ ਗਿਆ ਸੀ ਅਤੇ ਅਜੇ ਜਾਂਚ ਹੋਣੀ ਬਾਕੀ ਹੈ। ਸਪਾਈਸਜੈੱਟ ਦੇ ਬੁਲਾਰੇ ਨੇ ਟਿੱਪਣੀ ਕੀਤੀ ਕਿ ਏਅਰਲਾਈਨ ਕਾਕਪਿਟ ਵਿੱਚ ਖਾਣਾ ਖਾਣ ਨੂੰ ਲੈ ਕੇ ਸਖਤ ਨੀਤੀ ਦਾ ਪਾਲਣ ਕਰਦੀ ਹੈ, ਜਿਸ ਦੀ ਪਾਲਣਾ ਸਾਰੇ ਫਲਾਈਟ ਕਰੂ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਾਂਚ ਕਰ ਕੇ ਲੋੜੀਂਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਹ ਰਿਪੋਰਟ ਕੀਤੀ ਗਈ ਸੀ ਕਿ ਸਪਾਈਸਸਜੈੱਟ, ਹਾਲ ਹੀ ਵਿੱਚ, ਘਟੀਆ ਸੇਵਾਵਾਂ ਅਤੇ ਆਪਣੇ ਹਵਾਈ ਜਹਾਜ਼ਾਂ ਦੀ ਮਾੜੀ ਦੇਖਭਾਲ ਲਈ ਅਕਸਰ ਡੀਜੀਸੀਏ ਸਕੈਨਰ ਦੇ ਘੇਰੇ ਵਿੱਚ ਰਹੀ ਹੈ। ਏਅਰਲਾਈਨ ਨੂੰ ਆਪਣੇ ਮਾੜੇ ਪ੍ਰਬੰਧਾਂ ਕਾਰਨ ਕਾਫੀ ਨਕਾਰਾਤਮਕ ਪ੍ਰਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਕਰਮਚਾਰੀ ਅਤੇ ਗਾਹਕ ਦੋਵੇਂ ਹੀ ਖੁਸ਼ ਨਹੀਂ ਹਨ। ਰਿਪੋਰਟਾਂ ਮੁਤਾਬਕ ਸਪਾਈਸਜੈੱਟ ਹੁਣ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਏਅਰਲਾਈਨ ਬਣ ਗਈ ਹੈ।