ਯੂਟਿਊਬਰ ਮਨੀਸ਼ ਕਸ਼ਯਪ ਨੇ ਕੀਤਾ ਸਰੈਂਡਰ, ਕੁਰਕੀ ਵਿੱਚ ਘਰ ਦਾ ਸਾਰਾ ਸਮਾਨ ਜ਼ਬਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮਨੀਸ਼ ਕਸ਼ਯਪ ਦੇ ਘਰ ਦੀ ਕੁਰਕੀ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ

photo

 

ਤਾਮਿਲਨਾਡੂ - ਤਾਮਿਲਨਾਡੂ 'ਚ ਬਿਹਾਰੀ ਵਰਕਰਾਂ 'ਤੇ ਹੋਏ ਹਮਲੇ ਦੀ ਝੂਠੀ ਅਤੇ ਗੁੰਮਰਾਹਕੁੰਨ ਵੀਡੀਓ ਫੈਲਾਉਣ ਦੇ ਦੋਸ਼ੀ ਮਨੀਸ਼ ਕਸ਼ਯਪ ਨੇ ਸ਼ਨੀਵਾਰ ਨੂੰ ਸਰੈਂਡਰ ਕਰ ਦਿੱਤਾ। ਪੁਲਿਸ ਟੀਮ ਸ਼ਨੀਵਾਰ ਸਵੇਰੇ ਯੂਟਿਊਬਰ ਮਨੀਸ਼ ਕਸ਼ਯਪ ਦੇ ਘਰ ਪਹੁੰਚੀ, ਜਿਸ ਤੋਂ ਬਾਅਦ ਦੋਸ਼ੀ ਨੇ ਸਰੈਂਡਰ ਕਰ ਦਿੱਤਾ।

ਦਰਜਨਾਂ ਪੁਲਿਸ ਅਧਿਕਾਰੀ ਸ਼ਨੀਵਾਰ ਸਵੇਰੇ ਕਰੀਬ 5 ਵਜੇ ਮਨੀਸ਼ ਕਸ਼ਯਪ ਦੇ ਮਝੌਲੀਆ ਥਾਣਾ ਖੇਤਰ ਦੇ ਮਹਾਨਵਾ ਪਿੰਡ 'ਚ ਪਹੁੰਚੇ ਅਤੇ ਕੁਰਕੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਚੰਪਾਰਨ ਰੇਂਜ ਦੇ ਡੀਆਈਜੀ ਦੀ ਮੌਜੂਦਗੀ ਵਿੱਚ ਪੁਲਿਸ ਨੇ ਮਨੀਸ਼ ਕਸ਼ਯਪ ਦੇ ਘਰ ਦਾ ਹਰ ਸਾਮਾਨ ਜ਼ਬਤ ਕਰ ਲਿਆ।
ਪੁਲਿਸ ਨੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਵੀ ਉਖਾੜ ਦਿੱਤੀਆਂ। ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਸੀ। ਉਕਤ ਸਾਮਾਨ ਨੂੰ ਟਰੈਕਟਰ 'ਤੇ ਲੱਦ ਕੇ ਮਝੌਲੀਆ ਥਾਣੇ ਲਿਆਂਦਾ ਗਿਆ ਹੈ। ਇਧਰ, ਮਨੀਸ਼ ਕਸ਼ਯਪ ਨੇ ਕੁਰਕੀ ਦੀ ਸੂਚਨਾ ਮਿਲਣ 'ਤੇ ਜਗਦੀਸ਼ਪੁਰ ਓਪੀ 'ਚ ਆਤਮ ਸਮਰਪਣ ਕਰ ਦਿੱਤਾ ਹੈ।

ਤਾਮਿਲਨਾਡੂ 'ਚ ਬਿਹਾਰੀ ਮਜ਼ਦੂਰਾਂ 'ਤੇ ਹਮਲੇ ਦੀ ਫਰਜ਼ੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ 'ਚ ਪਟਨਾ 'ਚ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ ਉਸ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।

ਪੁਲਿਸ ਨੇ ਮਨੀਸ਼ ਕਸ਼ਯਪ ਦੇ ਘਰ ਦੀ ਕੁਰਕੀ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਮਨਜ਼ੂਰੀ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਪੁਲਿਸ ਕੁਰਕੀ ਦੀ ਕਾਰਵਾਈ ਕਰਨ ਉਸ ਦੇ ਘਰ ਪਹੁੰਚੀ।

ਦੱਸ ਦੇਈਏ ਕਿ ਪੁਲਿਸ ਬਿਹਾਰੀ ਵਰਕਰਾਂ ਨਾਲ ਕਥਿਤ ਹਿੰਸਾ ਦੀ ਜਾਂਚ ਕਰ ਰਹੀ ਸੀ। ਪੁਲਿਸ ਨੂੰ ਗੁੰਮਰਾਹ ਕਰਨ ਲਈ ਪਟਨਾ ਦੇ ਜਕਨਪੁਰ ਥਾਣਾ ਅਧੀਨ ਬੰਗਾਲੀ ਕਾਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਇੱਕ ਫਰਜ਼ੀ ਵੀਡੀਓ ਬਣਾਈ ਗਈ।

ਇਸ ਵੀਡੀਓ ਵਿੱਚ ਅਨਿਲ ਕੁਮਾਰ ਅਤੇ ਆਦਿਤਿਆ ਕੁਮਾਰ   ਫਰਜ਼ੀ ਮਜ਼ਦੂਰ ਬਣ ਗਏ। ਵੀਡੀਓ ਨੂੰ ਰਾਕੇਸ਼ ਰੰਜਨ ਨੇ 6 ਮਾਰਚ ਨੂੰ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਸੀ, ਜਿਸ ਨੂੰ 8 ਮਾਰਚ ਨੂੰ ਯੂਟਿਊਬਰ ਮਨੀਸ਼ ਕਸ਼ਯਪ ਨੇ ਟਵੀਟ ਕੀਤਾ ਅਤੇ ਸਰਕੂਲੇਟ ਕੀਤਾ ਸੀ।
ਇਸ ਮਾਮਲੇ ਵਿੱਚ ਦੋ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਈਓਯੂ ਨੇ ਕਾਰਵਾਈ ਕਰਦੇ ਹੋਏ ਮਨੀਸ਼ ਕਸ਼ਯਪ ਅਤੇ ਉਸ ਦੇ ਯੂਟਿਊਬ ਚੈਨਲ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਸਨ। ਚਾਰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 42 ਲੱਖ 11 ਹਜ਼ਾਰ 937 ਰੁਪਏ ਜਮ੍ਹਾਂ ਕਰਵਾਏ ਗਏ।