ਕੋਲਕਾਤਾ ’ਚ ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ 2 ਲੋਕਾਂ ਦੀ ਮੌਤ
ਮਮਤਾ ਨੇ ਦਿਤਾ ਸਖਤ ਕਾਰਵਾਈ ਦਾ ਭਰੋਸਾ
ਕੋਲਕਾਤਾ: ਕੋਲਕਾਤਾ ਦੇ ਗਾਰਡਨ ਰੀਚ ਇਲਾਕੇ ’ਚ ਇਕ ਨਿਰਮਾਣ ਅਧੀਨ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 7 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਮੇਅਰ ਫਿਰਹਾਦ ਹਕੀਮ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ’ਤੇ ਬਚਾਅ ਕਾਰਜ ਜਾਰੀ ਹਨ ਅਤੇ ਇਮਾਰਤ ਦਾ ਨਿਰਮਾਣ ਗੈਰ-ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਖਰੀ ਰੀਪੋਰਟ ਮਿਲਣ ਤਕ ਇਮਾਰਤ ਦੇ ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਹਕੀਮ ਨੇ ਕਿਹਾ ਕਿ ਇਮਾਰਤ ਦੇ ਪ੍ਰਮੋਟਰ ਮੁਹੰਮਦ ਵਸੀਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਹਿਰ ਦੇ ਪਛਮੀ ਹਿੱਸੇ ’ਚ ਅਜ਼ਾਨ ਮੁਲਾ ਲੇਨ ਵਿਖੇ ਮੌਕੇ ਦਾ ਦੌਰਾ ਕੀਤਾ ਅਤੇ ਸਥਾਨਕ ਵਸਨੀਕਾਂ ਨੂੰ ਗੈਰ-ਕਾਨੂੰਨੀ ਉਸਾਰੀਆਂ ਵਿਰੁਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਤਾ।
ਹਾਕਿਮ ਨੇ ਕਿਹਾ, ‘‘ਇਕ ਵੱਡੀ ਘਟਨਾ ’ਚ ਅੱਧੀ ਰਾਤ ਦੇ ਕਰੀਬ ਇਕ ਨਿਰਮਾਣ ਅਧੀਨ ਪੰਜ ਮੰਜ਼ਿਲਾ ਇਮਾਰਤ ਢਹਿ ਗਈ। ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ ਸੱਤ ਲੋਕ ਜ਼ਖਮੀ ਹੋ ਗਏ ਹਨ।’’ ਇਕ ਅਧਿਕਾਰੀ ਨੇ ਦਸਿਆ ਕਿ ਘੱਟੋ-ਘੱਟ 10 ਲੋਕਾਂ ਨੂੰ ਮੌਕੇ ਤੋਂ ਬਚਾਇਆ ਗਿਆ ਹੈ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਕੁੱਝ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘ਕੋਲਕਾਤਾ ਨਗਰ ਨਿਗਮ ਦੇ ਗਾਰਡਨ ਰੀਚ ਇਲਾਕੇ ’ਚ ਇਕ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਦੀ ਖ਼ਬਰ ਸੁਣ ਕੇ ਦੁਖੀ ਹਾਂ। ਸਾਡੇ ਮੇਅਰ, ਫਾਇਰ ਮੰਤਰੀ, ਸਕੱਤਰ, ਪੁਲਿਸ ਕਮਿਸ਼ਨਰ, ਨਾਗਰਿਕ ਪੁਲਿਸ, ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਬੰਧਨ ਅਧਿਕਾਰੀ ਅਤੇ ਬਚਾਅ ਟੀਮਾਂ ਸਾਰੀ ਰਾਤ ਮੌਕੇ ’ਤੇ ਮੌਜੂਦ ਸਨ।’’ ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਵੇਗੀ।
ਹਾਕਿਮ ਪਛਮੀ ਬੰਗਾਲ ਦੇ ਸ਼ਹਿਰੀ ਵਿਕਾਸ ਮੰਤਰੀ ਵੀ ਹਨ। ਉਨ੍ਹਾਂ ਕਿਹਾ, ‘‘ਮੈਂ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲ ਕੀਤੀ ਹੈ ਅਤੇ ਅਸੀਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ ਇਕ-ਇਕ ਲੱਖ ਰੁਪਏ ਦੇਵਾਂਗੇ।’’ ਬੈਨਰਜੀ ਨੇ ਉਮੀਦ ਜਤਾਈ ਕਿ ਮਲਬੇ ਹੇਠਾਂ ਫਸੇ ਲੋਕਾਂ ਨੂੰ ਜਲਦੀ ਹੀ ਬਾਹਰ ਕੱਢ ਲਿਆ ਜਾਵੇਗਾ।