‘ਸ਼ਕਤੀ ਨਾਲ ਲੜਨ’ ਵਾਲੇ ਬਿਆਨ ’ਤੇ ਮੋਦੀ ਨੇ ਰਾਹੁਲ ਨੂੰ ਘੇਰਿਆ, ਕਿਹਾ, ‘ਸ਼ਕਤੀ’ ਲਈ ਅਪਣੀ ਜਾਨ ਦੀ ਬਾਜ਼ੀ ਲਗਾ ਦੇਵਾਂਗਾ
ਕਿਹਾ, ਸ਼ਕਤੀ ’ਤੇ ਵਾਰ ਦਾ ਮਤਲਬ ਦੇਸ਼ ਦੀਆਂ ਮਾਤਾਵਾਂ-ਭੈਣਾਂ ’ਤੇ ਵਾਰ ਹੈ
ਜਗਤੀਆਲ (ਤੇਲੰਗਾਨਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ’ਤੇ ਮੁੰਬਈ ’ਚ ਇਕ ਰੈਲੀ ’ਚੋਂ ‘ਸ਼ਕਤੀ’ ਦੀ ਤਬਾਹੀ ਦਾ ਬਿਗਲ ਵਜਾਉਣ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਲਈ ਹਰ ਮਾਂ-ਧੀ ‘ਸ਼ਕਤੀ’ ਦਾ ਰੂਪ ਹੈ ਅਤੇ ਉਹ ਉਨ੍ਹਾਂ ਲਈ ਅਪਣੀ ਜਾਨ ਦਾਅ ’ਤੇ ਲਗਾ ਦੇਣਗੇ।
ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਲੜਾਈ ‘ਸ਼ਕਤੀ ਦੇ ਵਿਨਾਸ਼ਕਾਂ’ ਅਤੇ ‘ਸ਼ਕਤੀ ਦੇ ਉਪਾਸਕਾਂ’ ਵਿਚਕਾਰ ਹੈ ਅਤੇ 4 ਜੂਨ ਨੂੰ ਇਹ ਸਪੱਸ਼ਟ ਹੋ ਜਾਵੇਗਾ ਕਿ ‘ਸ਼ਕਤੀ’ ਨੂੰ ਕੌਣ ਤਬਾਹ ਕਰਨ ਜਾ ਰਿਹਾ ਹੈ ਅਤੇ ਕਿਸ ਨੂੰ ‘ਸ਼ਕਤੀ’ ਦਾ ਆਸ਼ੀਰਵਾਦ ਪ੍ਰਾਪਤ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਭਾਰਤ ਜੋੜੋ ਨਿਆਂ ਯਾਤਰਾ ਦੀ ਸਮਾਪਤੀ ਮੌਕੇ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘‘ਹਿੰਦੂ ਧਰਮ ’ਚ ‘ਸ਼ਕਤੀ’ ਸ਼ਬਦ ਹੈ। ਅਸੀਂ ਸ਼ਕਤੀ ਨਾਲ ਲੜ ਰਹੇ ਹਾਂ... ਇਕ ਸ਼ਕਤੀ ਨਾਲ ਲੜ ਰਹੇ ਹਾਂ। ਹੁਣ ਸਵਾਲ ਉੱਠਦਾ ਹੈ ਕਿ ਉਹ ਸ਼ਕਤੀ ਕੀ ਹੈ? ਜਿਵੇਂ ਕਿ ਇੱਥੇ ਕਿਸੇ ਨੇ ਕਿਹਾ ਕਿ ਰਾਜੇ ਦੀ ਆਤਮਾ ਈ.ਵੀ.ਐਮ. ’ਚ ਹੈ। ਸਹੀ ਹੈ ਕਿ ਰਾਜੇ ਦੀ ਆਤਮਾ ਈ.ਵੀ.ਐਮ. ’ਚ ਹੈ... ਇਹ ਭਾਰਤ ਦੀ ਹਰ ਸੰਸਥਾ ’ਚ ਹੈ। ਉਹ ਈ.ਡੀ. ’ਚ ਹੈ, ਸੀ.ਬੀ.ਆਈ. ਇਨਕਮ ਟੈਕਸ ਵਿਭਾਗ ’ਚ ਹੈ।’’
ਕਿਸੇ ਨੇਤਾ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ਦੇ ਇਕ ਸੀਨੀਅਰ ਨੇਤਾ ਨੇ ਕਾਂਗਰਸ ਪਾਰਟੀ ਛੱਡ ਦਿਤੀ ਅਤੇ ਮੇਰੀ ਮਾਂ ਸੋਨੀਆ ਗਾਂਧੀ ਨੂੰ ਰੋ ਕੇ ਕਿਹਾ ਕਿ ‘ਮੇਰੇ ’ਚ ਇਨ੍ਹਾਂ ਲੋਕਾਂ ਨਾਲ... ਇਸ ਸ਼ਕਤੀ ਨਾਲ ਲੜਨ ਦੀ ਹਿੰਮਤ ਨਹੀਂ ਹੈ... ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦਾ।’’
ਰਾਹੁਲ ਗਾਂਧੀ ਨੇ ਅੱਗੇ ਕਿਹਾ, ‘‘... ਅਤੇ ਇਹ ਇਕ ਨਹੀਂ ਹਨ। ਅਜਿਹੇ ਹਜ਼ਾਰਾਂ ਲੋਕਾਂ ਨੂੰ ਡਰਾਇਆ-ਧਮਕਾਇਆ ਗਿਆ ਹੈ। ਕੀ ਤੁਹਾਨੂੰ ਲਗਦਾ ਹੈ ਕਿ ਸ਼ਿਵ ਸੈਨਾ ਦੇ ਲੋਕ, ਐਨ.ਸੀ.ਪੀ. ਦੇ ਲੋਕ (ਭਾਜਪਾ ਵਿਚ) ਐਵੇਂ ਚਲੇ ਗਏ ਹਨ? ਨਹੀਂ... ਜਿਸ ਸ਼ਕਤੀ ਬਾਰੇ ਮੈਂ ਗੱਲ ਕਰ ਰਿਹਾ ਹਾਂ... ਉਨ੍ਹਾਂ ਨੇ ਉਨ੍ਹਾਂ ਦਾ ਗਲਾ ਫੜ ਲਿਆ ਹੈ ਅਤੇ ਉਨ੍ਹਾਂ ਨੂੰ ਭਾਜਪਾ ਵਲ ਮੋੜ ਲਿਆ ਹੈ ਅਤੇ ਉਹ ਸਾਰੇ ਡਰ ਗਏ ਹਨ।’’
ਇਸ ਰੈਲੀ ’ਚ ਵਿਰੋਧੀ ਗੱਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਭਾਈਵਾਲ ਪਾਰਟੀਆਂ ਦੇ ਸਾਰੇ ਪ੍ਰਮੁੱਖ ਨੇਤਾ ਮੌਜੂਦ ਸਨ। ਵਿਰੋਧੀ ਗੱਠਜੋੜ ਦੇ ਨੇਤਾ ਅਕਸਰ ਕੇਂਦਰ ਸਰਕਾਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ. ) ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। ਰਾਹੁਲ ਦੀ ਇਸ ਟਿਪਣੀ ਦੀ ਵਰਤੋਂ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ’ਚ ਰੈਲੀ ’ਚ ਵਿਰੋਧੀ ਗੱਠਜੋੜ ’ਤੇ ਨਿਸ਼ਾਨਾ ਸਾਧਿਆ।
ਰੈਲੀ ’ਚ ਮੌਜੂਦ ਔਰਤਾਂ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਉਨ੍ਹਾਂ ਨੂੰ ‘ਸ਼ਕਤੀ ਸਵਰੂਪ’ ਕਹਿ ਕੇ ਸੰਬੋਧਿਤ ਕੀਤਾ ਅਤੇ ਕਿਹਾ ਕਿ ਉਹ ਸ਼ਕਤੀ ਦਾ ਰੂਪ ਧਾਰਨ ਕਰ ਕੇ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਆਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਐਤਵਾਰ ਨੂੰ ਮੁੰਬਈ ’ਚ ਇੰਡੀ ਅਲਾਇੰਸ ਦੀ ‘ਸੱਭ ਤੋਂ ਮਹੱਤਵਪੂਰਨ’ ਰੈਲੀ ਸੀ ਅਤੇ ਉਨ੍ਹਾਂ ਨੇ ਅਪਣਾ ਮੈਨੀਫੈਸਟੋ ਜਨਤਕ ਕਰ ਦਿਤਾ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਸ਼ਕਤੀ ਵਿਰੁਧ ਹੈ। ਮੇਰੇ ਲਈ ਹਰ ਮਾਂ ਅਤੇ ਧੀ ਸ਼ਕਤੀ ਦਾ ਇਕ ਰੂਪ ਹੈ। ਮੈਂ ਤੁਹਾਡੀ ਸ਼ਕਤੀ ਵਜੋਂ ਤੇਰੀ ਭਗਤੀ ਕਰਦਾ ਹਾਂ। ਮੈਂ ਭਾਰਤ ਮਾਤਾ ਦਾ ਪੂਜਕ ਹਾਂ। ਅਤੇ ਕੱਲ੍ਹ ਸ਼ਿਵਾਜੀ ਪਾਰਕ ’ਚ... ‘ਇੰਡੀ’ ਅਲਾਇੰਸ ਨੇ ਅਪਣੇ ਘੋਸ਼ਣਾ ਪੱਤਰ ’ਚ ਸ਼ਕਤੀ ਨੂੰ ਖਤਮ ਕਰਨ ਲਈ ਕਿਹਾ ਹੈ... ਮੈਂ ਇਸ ਚੁਨੌਤੀ ਨੂੰ ਮਨਜ਼ੂਰ ਕਰਦਾ ਹਾਂ। ਮੈਂ ਸ਼ਕਤੀ ਸਰੂਪ ਉਨ੍ਹਾਂ ਮਾਵਾਂ-ਭੈਣਾਂ ਲਈ ਅਪਣੀ ਜ਼ਿੰਦਗੀ ਦਾਅ ’ਤੇ ਲਗਾ ਦਿਆਂਗਾ।’’
ਉਨ੍ਹਾਂ ਭੀੜ ਨੂੰ ਪੁਛਿਆ ਕਿ ਕੀ ਭਾਰਤ ਦੀ ਧਰਤੀ ’ਤੇ ਕੋਈ ‘ਸ਼ਕਤੀ’ ਦੇ ਵਿਨਾਸ਼ ਬਾਰੇ ਗੱਲ ਕਰ ਸਕਦਾ ਹੈ? ਅਤੇ ਕੀ ‘ਸ਼ਕਤੀ’ ਦਾ ਵਿਨਾਸ਼ ਸਾਨੂੰ ਮਨਜ਼ੂਰ ਹੈ? ਮੋਦੀ ਨੇ ਕਿਹਾ ਕਿ ਪੂਰਾ ਭਾਰਤ ‘ਸ਼ਕਤੀ’ ਦੀ ਪੂਜਾ ਕਰਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਚੰਦਰਯਾਨ ਦੀ ਸਫਲਤਾ ਨੂੰ ‘ਸ਼ਿਵ ਸ਼ਕਤੀ’ ਦਾ ਨਾਂ ਵੀ ਦਿਤਾ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਦੇ ਸ਼ਿਵਮੋਗਾ ’ਚ ਵੀ ਵਿਰੋਧੀ ਗੱਠਜੋੜ ’ਤੇ ਹਿੰਦੂ ਧਰਮ ’ਚ ਮੌਜੂਦ ‘ਸ਼ਕਤੀ’ ਦੇ ਵਿਨਾਸ਼ ਦਾ ਐਲਾਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਔਰਤਾਂ ਅਤੇ ਸ਼ਕਤੀ ਦਾ ਹਰ ਉਪਾਸਕ ਇਸ ਦਾ ਢੁਕਵਾਂ ਜਵਾਬ ਦੇਵੇਗਾ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਇਨ੍ਹਾਂ ਨੂੰ ਮਾਂ ਭਾਰਤੀ ਦੀ ਵਧਦੀ ਸ਼ਕਤੀ ਤੋਂ ਨਫ਼ਰਤ ਹੋ ਰਹੀ ਹੈ। ਭਾਰਤੀ ਨਾਰੀ ਦੀ ਭਲਾਈ ਇਨ੍ਹਾਂ ਨੂੰ ਪਸੰਦ ਨਹੀਂ ਹੈ। ਸ਼ਕਤੀ ’ਤੇ ਵਾਰ ਦਾ ਮਤਲਬ ਹੈ ਦੇਸ਼ ਦੀਆਂ ਮਾਤਾਵਾਂ-ਭੈਣਾਂ ’ਤੇ ਵਾਰ। ਔਰਤਾਂ ਦੀ ਭਲਾਈ ਦੀਆਂ ਯੋਜਨਾਵਾਂ ’ਤੇ ਵਾਰ। ਮਾਂ ਭਾਰਤੀ ਦੀ ਸ਼ਕਤੀ ’ਤੇ ਵਾਰ। ਇਹੀ ਸ਼ਕਤੀ ਹੈ ਜਿਸ ਕਾਰਨ ਭਾਰਤ ਦੀ ਜ਼ਮੀਨ ਤੋਂ ਅਤਿਵਾਦ ਅਤੇ ਅਤਿਆਚਾਰ ਦਾ ਅੰਤ ਹੁੰਦਾ ਹੈ। ਇੰਡੀ ਨੇ ਇਸ ਸ਼ਕਤੀ ਨੂੰ ਲਲਕਾਰਿਆ ਹੈ। ਕਾਂਗਰਸ ਨੂੰ ਇਸ ਦਾ ਜਵਾਬ ਹਰ ਨਾਰੀ ਅਤੇ ਸ਼ਕਤੀ ਦਾ ਹਰ ਉਪਾਸਕ ਦੇਵੇਗਾ। ਚਾਰ ਜੂਨ ਨੂੰ ਪਤਾ ਲੱਗ ਜਾਵੇਗਾ।’’
ਬਚਾਅ ਦੇ ਰੌਂਅ ’ਚ ਰਾਹੁਲ, ਕਿਹਾ, ‘ਜਿਸ ਸ਼ਕਤੀ ਦਾ ਮੈਂ ਜ਼ਿਕਰ ਕੀਤਾ ਹੈ, ਉਹ ‘ਮੁਖੌਟਾ’ ਪ੍ਰਧਾਨ ਮੰਤਰੀ ਹਨ’
ਪ੍ਰਧਾਨ ਮੰਤਰੀ ਦੇ ਇਸ ਹਮਲੇ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਪਣਾ ਬਚਾਅ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਸ਼ਬਦਾਂ ਦੇ ਅਰਥ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਉਨ੍ਹਾਂ ਨੇ ਜਿਸ ਸ਼ਕਤੀ ਦਾ ਜ਼ਿਕਰ ਕੀਤਾ ਹੈ, ਉਸ ਦਾ ‘ਮੁਖੌਟਾ’ ਪ੍ਰਧਾਨ ਮੰਤਰੀ ਖੁਦ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਿਸ ਸ਼ਕਤੀ ਵਿਰੁਧ ਉਹ ਲੜਨ ਦੀ ਗੱਲ ਕਰ ਰਹੇ ਸਨ, ਉਸ ਨੇ ਸਾਰੀਆਂ ਸੰਸਥਾਵਾਂ ਅਤੇ ਸੰਵਿਧਾਨਕ ਢਾਂਚੇ ਨੂੰ ਕੁਚਲ ਦਿਤਾ ਹੈ।
ਰਾਹੁਲ ਗਾਂਧੀ ਨੇ ਸੋਮਵਾਰ ਨੂੰ ‘ਐਕਸ’ ’ਤੇ ਪੋਸਟ ਕੀਤਾ, ‘‘ਮੋਦੀ ਜੀ ਨੂੰ ਮੇਰੇ ਸ਼ਬਦ ਪਸੰਦ ਨਹੀਂ ਹਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੋੜ-ਮਰੋੜ ਕੇ ਉਹ ਹਮੇਸ਼ਾ ਉਨ੍ਹਾਂ ਦੇ ਅਰਥ ਬਦਲਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਮੈਂ ਡੂੰਘਾ ਸੱਚ ਬੋਲਿਆ ਹੈ। ਜਿਸ ਸ਼ਕਤੀ ਦਾ ਮੈਂ ਜ਼ਿਕਰ ਕੀਤਾ ਹੈ, ਜਿਸ ਸ਼ਕਤੀ ਨਾਲ ਅਸੀਂ ਲੜ ਰਹੇ ਹਾਂ, ਉਸ ਸ਼ਕਤੀ ਦਾ ਮੁਖੌਟਾ ਮੋਦੀ ਜੀ ਹਨ। ਇਹ ਇਕ ਅਜਿਹੀ ਤਾਕਤ ਹੈ ਜਿਸ ਨੇ ਅੱਜ ਭਾਰਤ, ਭਾਰਤ ਦੀਆਂ ਸੰਸਥਾਵਾਂ, ਸੀ.ਬੀ.ਆਈ. , ਇਨਕਮ ਟੈਕਸ ਵਿਭਾਗ, ਈ.ਡੀ., ਚੋਣ ਕਮਿਸ਼ਨ, ਮੀਡੀਆ, ਭਾਰਤੀ ਉਦਯੋਗ ਅਤੇ ਭਾਰਤ ਦੇ ਪੂਰੇ ਸੰਵਿਧਾਨਕ ਢਾਂਚੇ ਦੀ ਆਵਾਜ਼ ’ਤੇ ਕਬਜ਼ਾ ਕਰ ਲਿਆ ਹੈ।’’
ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਉਸ ਸ਼ਕਤੀ ਕਾਰਨ ਹੀ ਨਰਿੰਦਰ ਮੋਦੀ ਜੀ ਭਾਰਤ ਦੇ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਦੇ ਹਨ, ਜਦਕਿ ਭਾਰਤ ਦਾ ਕਿਸਾਨ ਕੁੱਝ ਹਜ਼ਾਰ ਰੁਪਏ ਦਾ ਕਰਜ਼ਾ ਨਾ ਮੋੜ ਸਕਣ ਕਾਰਨ ਖੁਦਕੁਸ਼ੀ ਕਰਦਾ ਹੈ।
ਕਾਂਗਰਸ ਨੇ ‘ਅਸੁਰ ਸ਼ਕਤੀ’ ਵਿਰੁਧ ਹਮਲਾ ਕੀਤਾ ਤਾਂ ਭਾਜਪਾ ‘ਬੌਂਦਲ ਗਈ’
ਨਵੀਂ ਦਿੱਲੀ: ਕਾਂਗਰਸ ਨੇ ਰਾਹੁਲ ਗਾਂਧੀ ਦੀ ‘ਸ਼ਕਤੀ’ ਟਿਪਣੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਨੇ ‘ਅਸੁਰੀ ਸ਼ਕਤੀ’ ਵਿਰੁਧ ਲੜਨ ਦੀ ਗੱਲ ਕੀਤੀ ਸੀ, ਜਿਸ ਨਾਲ ਭਾਜਪਾ ਅਤੇ ਪ੍ਰਧਾਨ ਮੰਤਰੀ ਨੂੰ ‘ਬੌਂਦਲ ਗਏ’ ਹਨ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਇਹ ਲੋਕ ਸਭਾ ਚੋਣਾਂ ‘ਅਸੁਰ ਸ਼ਕਤੀ’ ਅਤੇ ‘ਬ੍ਰਹਮ ਸ਼ਕਤੀ’ ਵਿਚਾਲੇ ਹੋਣਗੀਆਂ ਜਿਸ ਵਿਚ ‘ਬ੍ਰਹਮ ਸ਼ਕਤੀ’ ਦੀ ਜਿੱਤ ਹੋਵੇਗੀ।