ਬਚਪਨ ਦੀ ਤਸਵੀਰ ਗੂਗਲ ਡਰਾਈਵ ’ਚ ਅਪਲੋਡ ਕਰ ਕੇ ਪਛਤਾਇਆ ਵਿਅਕਤੀ, ਜਾਣੋ ਗੂਗਲ ਨੇ ਕਿਉਂ ਕੀਤਾ ਈ-ਮੇਲ ਅਕਾਊਂਟ ਬਲਾਕ, ਮਾਮਲਾ ਹਾਈ ਕੋਰਟ ਪੁੱਜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਈ-ਮੇਲ ਨਾ ਮਿਲ ਸਕਣ ਕਾਰਨ ਕਾਰੋਬਾਰ ’ਚ ਨੁਕਸਾਨ ਹੋਣ ਦਾ ਦੋਸ਼, ਗੁਜਰਾਤ ਹਾਈ ਕੋਰਟ ਨੇ ਗੂਗਲ ਨੂੰ ਨੋਟਿਸ ਜਾਰੀ ਕੀਤਾ

court

ਅਹਿਮਦਾਬਾਦ: ਗੂਗਲ ਡਰਾਈਵ ’ਤੇ ਬਚਪਨ ਦੀ ਨਗਨ ਤਸਵੀਰ ਅਪਲੋਡ ਕਰਨ ਤੋਂ ਬਾਅਦ ਇਕ ਵਿਅਕਤੀ ਇਕ ਸਾਲ ਤੋਂ ਜ਼ਿਆਦਾ ਸਮੇਂ ਤਕ ਅਪਣੇ ਈ-ਮੇਲ ਅਕਾਊਂਟ ਨੂੰ ਚਲਾ ਨਹੀਂ ਸਕਿਆ। 

ਹਾਈ ਕੋਰਟ ਨੇ ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਪਟੀਸ਼ਨਕਰਤਾ ਦੇ ਈ-ਮੇਲ ਅਕਾਊਂਟ ਨੂੰ ‘ਸਪੱਸ਼ਟ ਤੌਰ ’ਤੇ ਬਾਲ ਸੋਸ਼ਣ’ ਲਈ ਬਲਾਕ ਕਰਨ ਲਈ ਨੋਟਿਸ ਜਾਰੀ ਕੀਤਾ। ਦਰਅਸਲ ਪਟੀਸ਼ਨਕਰਤਾ ਨੇ ਗੂਗਲ ਡਰਾਈਵ ’ਤੇ ਅਪਣੀ ਇਕ ਤਸਵੀਰ ਅਪਲੋਡ ਕੀਤੀ ਸੀ ਜਿਸ ਵਿਚ ਉਸ ਦੀ ਦਾਦੀ ਉਸ ਨੂੰ ਨਹਾਉਂਦਾ ਨਜ਼ਰ ਆ ਰਹੀ ਹੈ। ਇਹ ਤਸਵੀਰ ਉਸ ਸਮੇਂ ਲਈ ਗਈ ਸੀ ਜਦੋਂ ਉਹ ਦੋ ਸਾਲ ਦਾ ਸੀ। 

ਜਸਟਿਸ ਵੈਭਵੀ ਡੀ. ਨਾਨਾਵਤੀ ਦੀ ਅਦਾਲਤ ਨੇ 15 ਮਾਰਚ ਨੂੰ ਗੂਗਲ, ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ 26 ਮਾਰਚ ਤਕ ਜਵਾਬ ਦੇਣ ਲਈ ਕਿਹਾ ਸੀ। ਪੇਸ਼ੇ ਤੋਂ ਕੰਪਿਊਟਰ ਇੰਜੀਨੀਅਰ ਨੀਲ ਸ਼ੁਕਲਾ ਨੇ ਗੂਗਲ ਡਰਾਈਵ ’ਤੇ ਅਪਣੇ ਬਚਪਨ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਸਨ, ਜਿਨ੍ਹਾਂ ’ਚੋਂ ਇਕ ’ਚ ਉਨ੍ਹਾਂ ਦੀ ਦਾਦੀ ਬਚਪਨ ’ਚ ਉਨ੍ਹਾਂ ਨੂੰ ਨਹਾਉਂਦੇ ਨਜ਼ਰ ਆ ਰਹੇ ਹਨ। 

ਪਟੀਸ਼ਨਕਰਤਾ ਦੇ ਵਕੀਲ ਦੀਪੇਨ ਦੇਸਾਈ ਨੇ ਅਦਾਲਤ ਨੂੰ ਦਸਿਆ ਕਿ ਗੂਗਲ ਨੇ ਪਿਛਲੇ ਸਾਲ ਅਪ੍ਰੈਲ ’ਚ ਸ਼ੁਕਲਾ ਦੇ ਅਕਾਊਂਟ ਨੂੰ ਬਲਾਕ ਕਰ ਦਿਤਾ ਸੀ ਕਿਉਂਕਿ ਉਸ ਨੇ ਗੂਗਲ ਦੀ ‘ਸਪੱਸ਼ਟ ਬਾਲ ਸੋਸ਼ਣ’ ਨੂੰ ਵਿਖਾਉਣ ਵਾਲੀ ਸਮੱਗਰੀ ਦੇ ਸਬੰਧ ’ਚ ਨੀਤੀ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਸ਼ਿਕਾਇਤ ਨਿਵਾਰਣ ਵਿਧੀ ਰਾਹੀਂ ਇਸ ਮੁੱਦੇ ਨੂੰ ਹੱਲ ਕਰਨ ’ਚ ਅਸਫਲ ਰਹੀ ਜਿਸ ਤੋਂ ਬਾਅਦ ਸ਼ੁਕਲਾ ਨੇ 12 ਮਾਰਚ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।

ਦੇਸਾਈ ਨੇ ਅਦਾਲਤ ਨੂੰ ਦਸਿਆ ਕਿ ਗੂਗਲ ਨੇ ਉਸ ਦਾ ਈ-ਮੇਲ ਅਕਾਊਂਟ ਬਲਾਕ ਕਰ ਦਿਤਾ ਸੀ, ਇਸ ਲਈ ਸ਼ੁਕਲਾ ਦੇ ਅਪਣੇ ਈ-ਮੇਲ ਨੂੰ ਪੜ੍ਹ ਨਾ ਸਕਣ ਕਾਰਨ ਉਸ ਨੂੰ ਕਾਰੋਬਾਰ ’ਚ ਨੁਕਸਾਨ ਹੋਇਆ। ਅਪੀਲਕਰਤਾ ਨੇ ਕਿਹਾ, ‘‘ਗੂਗਲ ਦਾ ਕਹਿਣਾ ਸੀ ਕਿ ਇਹ ‘ਸਪੱਸ਼ਟ ਬਾਲ ਸੋਸ਼ਣ’ ਹੈ ਅਤੇ ਉਸ ਨੇ ਹਰ ਚੀਜ਼ ਨੂੰ ਬਲਾਕ ਕਰ ਦਿਤਾ ਹੈ। ਮੈਨੂੰ ਅਪਣੀਆਂ ਆਈਆਂ ਈਮੇਲਾਂ ਵੀ ਪੜ੍ਹਨ ਨੂੰ ਨਹੀਂ ਮਿਲ ਰਹੀਆਂ। ਮੇਰਾ ਕਾਰੋਬਾਰ ਪ੍ਰਭਾਵਤ ਹੋਇਆ ਹੈ ਕਿਉਂਕਿ ਸੱਭ ਕੁੱਝ ਬਲਾਕ ਹੋ ਗਿਆ।’’

ਸ਼ੁਕਲਾ ਨੇ ਗੁਜਰਾਤ ਪੁਲਿਸ ਅਤੇ ਕੇਂਦਰ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਕੋਲ ਵੀ ਪਹੁੰਚ ਕੀਤੀ ਸੀ ਪਰ ਉਹ ਇਸ ’ਤੇ ਕਾਰਵਾਈ ਕਰਨ ’ਚ ਅਸਫਲ ਰਹੇ ਅਤੇ ਆਖਰਕਾਰ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਪਟੀਸ਼ਨਕਰਤਾ ਨੇ ਇਸ ਮਾਮਲੇ ’ਚ ਤੁਰਤ ਸੁਣਵਾਈ ਦੀ ਵੀ ਮੰਗ ਕੀਤੀ ਹੈ ਕਿਉਂਕਿ ਉਸ ਨੂੰ ਗੂਗਲ ਤੋਂ ਇਕ ਨੋਟਿਸ ਮਿਲਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਸ ਦਾ ਅਕਾਊਂਟ ਇਕ ਸਾਲ ਤੋਂ ਐਕਟਿਵ ਨਹੀਂ ਹੈ, ਜਿਸ ਕਾਰਨ ਅਪ੍ਰੈਲ ’ਚ ਡਾਟਾ ਡਿਲੀਟ ਕਰ ਦਿਤਾ ਜਾਵੇਗਾ।