ਵਿਰੋਧੀ ਸੂਬਿਆਂ ਵਲੋਂ ਕੇਂਦਰੀ ਯੋਜਨਾਵਾਂ ਨੂੰ ਰੋਕਣਾ ਸਿਆਸਤ : ਸ਼ਿਵਰਾਜ ਸਿੰਘ ਚੌਹਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਕਿਸਾਨਾਂ ਲਈ 50,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ

Opposition states blocking central schemes is politics: Shivraj Singh Chouhan

ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲੋਕ ਸਭਾ ਵਿਚ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਵਿਰੋਧੀ ਸੂਬਾ ਸਰਕਾਰਾਂ ਸਿਰਫ਼ ਇਸ ਲਈ ਲੋਕ-ਭਲਾਈ ਯੋਜਨਾਵਾਂ ਨੂੰ ਰੋਕ ਰਹੀਆਂ ਹਨ ਕਿਉਂਕਿ ਉਨ੍ਹਾਂ ’ਤੇ ਪ੍ਰਧਾਨ ਮੰਤਰੀ ਦਾ ਨਾਮ ਜੁੜਿਆ ਹੈ।

ਚੌਹਾਨ ਨੇ ਕਿਹਾ, ‘‘ਪੰਜਾਬ ਅਤੇ ਪਛਮੀ  ਬੰਗਾਲ ਨੇ ‘ਪੀ.ਐਮ. ਫਸਲ ਬੀਮਾ ਯੋਜਨਾ’ ਲਾਗੂ ਨਾ ਕਰ ਕੇ ਕਿਸਾਨਾਂ ਨੂੰ ਲਾਭ ਤੋਂ ਵਾਂਝਾ ਕੀਤਾ ਹੈ। ਚਾਰ ਜ਼ਿਲ੍ਹਿਆਂ ਵਿਚ ‘ਜਨ ਧਨ ਯੋਜਨਾ’ ਵੀ ਨਹੀਂ ਚੱਲ ਰਹੀ।’’

ਉਨ੍ਹਾਂ ਨੇ ਦਸਿਆ  ਕਿ ਸਰਕਾਰ ਜਲਦੀ ਹੀ ਨਵਾਂ ਬੀਜ ਕਾਨੂੰਨ ਅਤੇ ਕੀਟਨਾਸ਼ਕ ਕਾਨੂੰਨ ਲਿਆਉਣ ਜਾ ਰਹੀ ਹੈ। ਚੌਹਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਖੇਤੀਬਾੜੀ ਲਈ ਬਜਟ ਵਿਚ ‘ਪਹਿਲਾਂ ਕਦੇ ਨਹੀਂ ਕੀਤੀ ਗਈ’ ਵੰਡ ਕੀਤੀ ਗਈ ਹੈ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ‘ਮਿਸ਼ਨ ਮੋਡ’ ਵਿਚ ਕੰਮ ਕਰ ਰਹੀ ਹੈ।

ਕਾਂਗਰਸ ਦੇ ਪੰਜਾਬੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਵਿਚ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਲਈ 50,000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦਿਤਾ ਜਾਵੇ। ਉਨ੍ਹਾਂ ਨੇ ਕਿਹਾ, ‘‘ਖੇਤੀ ਕਾਨੂੰਨਾਂ ਵਿਰੁਧ  ਸੰਘਰਸ਼ ਦੌਰਾਨ ਪੰਜਾਬ ਵਿਚ 750 ਕਿਸਾਨਾਂ ਦੀ ਮੌਤ ਹੋਈ, ਉਨ੍ਹਾਂ ਦੇ ਪਰਵਾਰ ਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।’’

ਸਮਾਜਵਾਦੀ ਪਾਰਟੀ ਦੇ ਨਰੇਸ਼ ਚੰਦਰ ਉੱਤਮ ਪਟੇਲ ਨੇ ਸੋਇਆਬੀਨ, ਡੇਅਰੀ ਉਤਪਾਦ ਅਤੇ ਪਸ਼ੂਆਂ ਦੇ ਚਾਰੇ ਦੀ ਆਯਾਤ ’ਤੇ ਰੋਕ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ, ‘‘ਜੇ ਇਹ ਆਯਾਤ ਹੋਈ ਤਾਂ ਸਾਡੇ ਕਿਸਾਨ ਆਰਥਕ  ਤੌਰ ’ਤੇ ਕਮਜ਼ੋਰ ਹੋ ਜਾਣਗੇ।’’ ਪਟੇਲ ਨੇ ‘ਪੀ.ਐਮ. ਫਸਲ ਬੀਮਾ ਯੋਜਨਾ’ ਦੀ ਰਕਮ 5 ਲੱਖ ਤੋਂ ਵਧਾ ਕੇ 10 ਲੱਖ ਕਰਨ ਦੀ ਵੀ ਮੰਗ ਕੀਤੀ।

ਤ੍ਰਿਣਮੂਲ ਕਾਂਗਰਸ ਦੀ ਪ੍ਰਤੀਮਾ ਮੋਂਦਲ ਨੇ ਸਰਕਾਰ ’ਤੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਦਾ ਦੋਸ਼ ਲਾਇਆ। ਅੰਤ ’ਚ, ਲੋਕ ਸਭਾ ਨੇ ਖੇਤੀਬਾੜੀ ਮੰਤਰਾਲੇ ਦੀਆਂ ਗ੍ਰਾਂਟਾਂ ਨੂੰ ਵਿਰੋਧੀ ਪੱਖਾਂ ਦੇ ਕੱਟ ਮੋਸ਼ਨਾਂ ਨੂੰ ਰੱਦ ਕਰ ਕੇ ਪਾਸ ਕਰ ਦਿਤਾ। (ਪੀ.ਟੀ.ਆਈ.)