ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਦੇਸ਼ ਭਰ ’ਚ ਛੁੱਟੀ ਦੀ ਮੰਗ ਕਰਦੀ ਪਟੀਸ਼ਨ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਦੇਸ਼ ਭਰ ’ਚ ਛੁੱਟੀ ਦੀ ਮੰਗ ਕਰਦੀ ਪਟੀਸ਼ਨ ਰੱਦ

Petition seeking nationwide holiday on the birth anniversary of Sri Guru Gobind Singh Ji dismissed

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੌਮੀ ਛੁੱਟੀ ਦੀ ਮੰਗ ਕਰਨ ਵਾਲੀ ਪਟੀਸ਼ਨ ਰੱਦ ਕਰ ਦਿਤੀ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਕਿਹਾ ਕਿ ਉਹ ਆਲ ਇੰਡੀਆ ਸ਼੍ਰੋਮਣੀ ਸਿੰਘ ਸਭਾ ਦੀ ਪਟੀਸ਼ਨ ਉਤੇ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ, ਜਿਸ ਵਿਚ ਦੇਸ਼ ਅੰਦਰ ਜਨਤਕ ਜਾਂ ਗਜ਼ਟਿਡ ਛੁੱਟੀ ਦੇ ਐਲਾਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ। ਬੈਂਚ ਨੇ ਕਿਹਾ, ‘‘ਰੱਦ ਕਰ ਦਿਤਾ ਗਿਆ। ਵਿਸਥਾਰਤ ਹੁਕਮ ਬਾਅਦ ’ਚ ਆਵੇਗਾ।’’ ਸੁਣਵਾਈ ਦੌਰਾਨ ਜਸਟਿਸ ਮਹਿਤਾ ਨੇ ਟਿਪਣੀ ਕੀਤੀ ਕਿ ਦੇਸ਼ ਅੰਦਰ ਕਿ ਭਾਰਤ ’ਚ ਪਹਿਲਾਂ ਹੀ ਬਹੁਤ ਸਾਰੀਆਂ ਧਾਰਮਕ ਛੁੱਟੀਆਂ ਹੁੰਦੀਆਂ ਹਨ ਅਤੇ ‘ਇਸ ’ਚ ਹੋਰ ਛੁੱਟੀਆਂ ਨਾ ਜੋੜੀਆਂ ਜਾਣ।’

ਪਟੀਸ਼ਨਕਰਤਾ ਸੰਗਠਨ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਫਿਲਹਾਲ ਕੋਈ ਨੀਤੀ ਨਹੀਂ ਹੈ ਅਤੇ ਇਸ ਬਾਰੇ ਕੁੱਝ ਨਿਸ਼ਚਤਤਾ ਹੋਣੀ ਚਾਹੀਦੀ ਹੈ ਕਿ ਜਨਤਕ ਛੁੱਟੀ ਦਾ ਫੈਸਲਾ ਕਿਵੇਂ ਕੀਤਾ ਜਾਵੇ। ਪਟੀਸ਼ਨ ’ਚ ਕੇਂਦਰ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਸਿੱਖਾਂ ਦੇ ਦਸਵੇਂ ਸਿੱਖ ਗੁਰੂ, ‘ਗੁਰੂ ਗੋਬਿੰਦ ਸਿੰਘ ਜੀ’ ਦੇ ਪ੍ਰਕਾਸ਼ ਪੁਰਬ ਨੂੰ ਪੂਰੇ ਭਾਰਤ ਵਿਚ ਗਜ਼ਟਿਡ/ਜਨਤਕ ਛੁੱਟੀ ਐਲਾਨਿਆ ਜਾਵੇ ਜਿਸ ਨੂੰ ਭਾਰਤ ਦੇ ਉਨ੍ਹਾਂ ਸੂਬਿਆਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਤਕ ਸੀਮਤ ਨਹੀਂ ਕੀਤਾ ਜਾਵੇ ਜਿਨ੍ਹਾਂ ਵਿਚ ਸਿੱਖਾਂ ਦੀ ਵੱਡੀ ਆਬਾਦੀ ਹੈ ਅਤੇ ਨਾਲ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਗਤੀਵਿਧੀਆਂ ਨਾਲ ਜੁੜੇ ਸੂਬਿਆਂ ਵਿਚ ਵੀ ਸ਼ਾਮਲ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਗਜ਼ਟਿਡ ਛੁੱਟੀ ਦਾ ਐਲਾਨ ਕਰਨ ਸਬੰਧੀ ਕਿਸੇ ਵੀ ਅਥਾਰਟੀ ਦੇ ਮਾਰਗਦਰਸ਼ਕ ਸਿਧਾਂਤਾਂ ਦੀ ਅਣਹੋਂਦ ’ਚ ਸਰਕਾਰ ’ਚ ਮੌਜੂਦ ਸਿਆਸੀ ਸਮੂਹਾਂ ਦੇ ਇਸ਼ਾਰੇ ਉਤੇ ਕਾਰਜਕਾਰੀ ਅਧਿਕਾਰੀ ਅਪਣੀ ਮਰਜ਼ੀ ਨਾਲ ਛੁੱਟੀਆਂ ਦਾ ਐਲਾਨ ਕਰਦੇ ਹਨ, ਜਿਸ ਨਾਲ ਜਨਤਾ ਦੇ ਇਕ ਵਿਸ਼ੇਸ਼ ਵਰਗ ਨੂੰ ਤੁਸ਼ਟੀਕਰਣ ਦਾ ਸਿਆਸੀ ਉਦੇਸ਼ ਪੂਰਾ ਹੁੰਦਾ ਹੈ।