ਮੱਕਾ ਮਸਜਿਦ ਧਮਾਕੇ ਤੋਂ ਬਾਅਦ ਜੱਜ ਦੀ ਸੁਰੱਖਿਆ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਤੀਫ਼ੇ ਬਾਰੇ ਸਥਿਤੀ ਸਪੱਸ਼ਟ ਨਹੀਂ

Mecca masjid

ਮੱਕਾ ਮਸਜਿਦ ਧਮਾਕੇ ਮਾਮਲੇ ਵਿਚ ਸਵਾਮੀ ਅਸੀਮਾਨੰਦ ਸਮੇਤ ਪੰਜ ਲੋਕਾਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਉਣ ਵਾਲੇ ਐਨ.ਆਈ.ਏ. ਅਦਾਲਤ ਦੇ ਵਿਸ਼ੇਸ਼ ਜੱਜ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਐਨ.ਆਈ.ਏ. ਅਦਾਲਤ ਦੇ ਵਿਸ਼ੇਸ਼ ਜੱਜ ਅਤੇ ਜੱਜ ਕੇ. ਰਵੀਂਦਰ ਰੈੱਡੀ ਨੇ ਵਿਅਕਤੀਗਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਲ ਅਸਤੀਫ਼ਾ ਦੇ ਦਿਤਾ ਸੀ।2007 ਦੇ ਇਸ ਕੇਸ ਵਿਚ ਫ਼ੈਸਲਾ ਦੇਣ ਦੇ ਕੁੱਝ ਹੀ ਘੰਟੇ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ ਸੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੇ ਘਰ 'ਤੇ ਸੁਰੱਖਿਆ ਵਧਾ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮੇਂ ਤਕ ਉਨ੍ਹਾਂ ਦੀ ਸੁਰੱਖਿਆ ਵਧੀ ਰਹੇਗੀ। ਅਧਿਕਾਰੀ ਨੇ ਕਿਹਾ ਕਿ ਕੋਈ ਵਿਸ਼ੇਸ਼ ਅਲਰਟ ਨਹੀਂ ਹੈ ਪਰ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਨੇੜੇ-ਤੇੜੇ ਸੁਰੱਖਿਆ ਵਧੀ ਹੋਈ ਹੈ। ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਕਿੰਨੇ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ।

ਉਧਰ ਜੱਜ ਦਾ ਅਸਤੀਫ਼ਾ ਸਵੀਕਾਰ ਹੋਇਆ ਜਾਂ ਨਹੀਂ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ। ਅਜੇ ਤਕ ਉਨ੍ਹਾਂ ਦੇ ਅਸਤੀਫ਼ੇ ਦੇ ਕਾਰਨਾਂ ਨੂੰ ਲੈ ਕੇ ਕਿਆਸੇ ਹੀ ਲਗਾਏ ਜਾ ਰਹੇ ਹਨ। ਇਸ ਗੱਲ ਨੂੰ ਲੈ ਕੇ ਕੋਈ ਆਧਿਕਾਰਿਕ ਸੂਚਨਾ ਨਹੀਂ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਹੋਇਆ ਹੈ ਜਾਂ ਨਹੀਂ। ਹੈਦਰਾਬਾਦ ਹਾਈਕੋਰਟ ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਇਸ ਮੁੱਦੇ ਨੂੰ ਜਨਤਕ ਨਾ ਕਰਨ ਦੇ ਹੁਕਮ ਦਿਤੇ ਗਏ ਹਨ। ਅਧਿਕਾਰੀ ਨੇ ਨਾਂ ਸਾਹਮਣੇ ਨਾ ਆਉਣ ਦੀ ਸ਼ਰਤ 'ਤੇ ਕਿਹਾ ਕਿ ਮੁੱਦੇ ਉਤੇ ਨਾ ਬੋਲਣ ਦੇ ਹੁਕਮ ਜਾਰੀ ਕੀਤੇ ਗਏ ਹਨ।ਹੈਦਰਾਬਾਦ ਵਿਚ ਕਾਨੂੰਨੀ ਗਲਿਆਰਿਆਂ 'ਚ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਰੈੱਡੀ ਨੇ ਆਂਧਰ ਪ੍ਰਦੇਸ਼ ਦੇ ਜੱਜਾਂ ਨੂੰ ਤੇਲੰਗਾਨਾ ਦੇ ਅਧੀਨ ਅਦਾਲਤ ਵਿਚ ਭੇਜੇ ਜਾਣ ਦੇ ਵਿਰੋਧ ਵਿਚ ਅਸਤੀਫ਼ਾ ਦਿਤਾ ਹੈ।  (ਪੀਟੀਆਈ)