ਨਵਜੋਤ ਸਿੰਘ ਸਿੱਧੂ ਦੀ ਅਪੀਲ 'ਤੇ ਸੁਣਵਾਈ ਪੂਰੀ , ਸੁਪ੍ਰੀਮ ਕੋਰਟ ਨੇ ਸੁਰੱਖਿਅਤ ਰਖਿਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਹਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

sidhu

ਨਵੀਂ ਦਿੱਲੀ,18 ਅਪ੍ਰੈਲ: ਸੁਪ੍ਰੀਮ ਕੋਰਟ ਨੇ ਤੀਹ ਸਾਲ ਪੁਰਾਣੇ ਰੋਡਰੇਜ ਦੇ ਮਾਮਲੇ ਵਿਚ ਸਾਬਕਾ ਕ੍ਰਿਕਟ ਖਿਡਾਰੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਪੀਲ ਉੱਤੇ ਸੁਣਵਾਈ ਪੂਰੀ ਕਰ ਲਈ ਹੈ । ਦੋਹਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।


1988 ਦੇ ਰੋਡਰੇਜ ਮਾਮਲੇ ਦੀ ਸੁਣਵਾਈ ਦੌਰਾਨ ਨਵਜੋਤ ਸਿੱਧੂ ਦੇ ਵਕੀਲ ਨੇ ਅਦਾਲਤ ‘ਚ ਆਪਣਾ ਪੱਖ ਰਖਿਆ ਸੀ ਤੇ ਕਿਹਾ ਕਿ ਕੋਈ ਵੀ ਗਵਾਹ ਸਾਹਮਣੇ ਨਹੀਂ ਆਇਆ ਹੈ। ਜਿਨ੍ਹਾਂ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਪੁਲਿਸ ਖ਼ੁਦ ਸਾਹਮਣੇ ਲੈ ਕੇ ਆਈ ਸੀ। ਸਿੱਧੂ ਦੇ ਵਕੀਲ ਨੇ ਇਹ ਵੀ ਕਿਹਾ ਕਿ ਸਾਰੇ ਗਵਾਹਾਂ ਦੇ ਬਿਆਨ ਵੀ ਵਿਵਾਦਤ ਹਨ ਅਤੇ ਜਿਹੜੇ ਮੁੱਖ ਗਵਾਹ ਹਨ ਉਨ੍ਹਾਂ ਦੇ ਬਿਆਨ ਵੀ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ।
ਦੱਸਣਯੋਗ ਹੈ ਕਿ 1988 ਵਿਚ ਵਾਪਰੇ ਇਸ ਰੋਡ ਰੇਜ ਕੇਸ ਵਿਚ ਹਾਈ ਕੋਰਟ ਨੇ ਨਵਜੋਤ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਸਿੱਧੂ ਵਲੋਂ ਸੁਪਰੀਮ ਕੋਰਟ ਵਿਚ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿਤੀ ਗਈ ਸੀ।

ਤੁਹਾਨੂੰ ਦੱਸ ਦੇਈਏ ਕਿ 1988 ‘ਚ ਪਟਿਆਲਾ ‘ਚ ਰੋਡ ਰੇਜ਼ ਦੇ ਦੌਰਾਨ ਸਿੱਧੂ ਨਾਲ ਝਗੜੇ ਤੋਂ ਬਾਅਦ ਗੁਰਮਾਨ ਸਿੰਘ ਦੀ ਮੌਤ ਦੇ ਮਾਮਲੇ 2006 ‘ਚ ਹਾਈ ਕੋਰਟ ਨੇ ਸਿੱਧੂ ਤੇ ਦੂਜੇ ਮੁਲਜ਼ਮ ਰੁਪਿੰਦਰ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਇਸ ਫ਼ੈਸਲੇ ਵਿਰੁੱਧ ਸਿੱਧੂ ਨੇ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ। ਸੁਪਰੀਮ ਕੋਰਟ ‘ਚ 2007 ‘ਚ ਦੋਹਾਂ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ‘ਤੇ ਰੋਕ ਲੱਗ ਗਈ ਸੀ। ਜਿਸ ਤੋਂ ਬਾਅਦ ਸਿੱਧੂ ਅੰਮ੍ਰਿਤਸਰ ਤੋਂ ਚੋਣ ਲੜ ਸਕੇ ਸਨ। ਹਾਲਾਂਕਿ ਇਸ ‘ਚ ਪਹਿਲਾਂ 1999 ‘ਚ ਟ੍ਰਾਇਲ ਕੋਰਟ ‘ਚ ਸਿੱਧੂ ਸਮੇਤ ਦੋਵੇਂ ਮੁਲਜ਼ਮ ਬਰੀ ਹੋ ਗਏ ਸਨ।