ਦੇਵਗੌੜਾ ਦੇ ਪੋਤੇ ਦੇ ਵਿਆਹ ਵਿਚ ਮਹਿਮਾਨਾਂ ਦੀ ਭੀੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਾਬੰਦੀ ਦੇ ਨਿਯਮਾਂ ਦੀ ਅਣਦੇਖੀ

file photo

ਬੰਗਲੌਰ, 17 ਅਪ੍ਰੈਲ: ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਸੈਕੂਲਰ ਦੇ ਮੁਖੀ ਐਚ ਡੀ ਦੇਵਗੌੜਾ ਦੇ ਪੋਤੇ ਨਿਖਿਲ ਕੁਮਾਰਸਵਾਮੀ ਦੇ ਵਿਆਹ ਵਿਚ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ ਜਦਕਿ ਕੁਮਾਰਸਵਾਮੀ ਨੇ ਲੋਕਾਂ ਨੂੰ ਵਿਆਹ ਵਿਚ ਨਾ ਆਉਣ ਦੀ ਅਪੀਲ ਕੀਤੀ ਸੀ। ਸਾਬਕਾ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਬੇਟੇ ਨਿਖਿਲ ਦਾ ਵਿਆਹ ਕਰਨਾਟਕ ਦੇ ਸਾਬਕਾ ਮਕਾਨ ਮੰਤਰੀ ਐਮ ਕ੍ਰਿਸ਼ਨੱਪਾ ਦੀ ਰਿਸ਼ਤੇਵਾਰ ਰੇਵਤੀ ਨਾਲ ਹੋਇਆ। ਵਿਆਹ ਦੀਆਂ ਰਸਮਾਂ ਜੇਡੀਐਸ ਦਾ ਗੜ੍ਹ ਮੰਨੇ ਜਾਣ ਵਾਲੇ ਰਾਮਨਗਰ ਜ਼ਿਲ੍ਹੇ ਵਿਚ ਪੈਂਦੇ ਫ਼ਾਰਮਹਾਊਸ ਵਿਚ ਹੋਈਆਂ। ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਐਮ ਰੁਦਰੇਸ਼ ਨੇ ਦੋਸ਼ ਲਾਇਆ, 'ਸਾਨੂੰ ਪਤਾ ਲੱਗਾ ਕਿ ਵਿਆਹ ਸਮਾਗਮ ਤਕ ਜਾਣ ਲਈ 150 ਤੋਂ 200 ਗੱਡੀਆਂ ਨੂੰ ਆਗਿਆ ਦਿਤੀ ਗਈ।

ਇਹ ਅਜਿਹੇ ਸਮੇਂ ਹੋਇਆ ਜਦ ਸਮਾਜਕ ਕਾਰਕੁਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਗ਼ਰੀਬਾਂ ਦੀ ਮਦਦ ਲਈ ਵੀ ਵਾਹਨ ਚਲਾਉਣ ਦੀ ਆਗਿਆ ਨਹੀਂ ਮਿਲ ਰਹੀ।' ਸੂਤਰਾਂ ਨੇ ਦਸਿਆ ਕਿ ਪਰਵਾਰ ਨੂੰ ਕੋਵਿਡ-19 ਕਾਰਨ ਵਿਆਹ ਸਮਾਗਮ ਛੋਟਾ ਕਰਨਾ ਪਿਆ ਅਤੇ ਸਿਰਫ਼ ਪਰਵਾਰ ਦੇ ਮੈਂਬਰ ਹੀ ਸ਼ਾਮਲ ਹੋਏ ਪਰ ਫਿਰ ਵੀ ਕਾਫ਼ੀ ਭੀੜ ਰਹੀ। ਇਸ ਹਫ਼ਤੇ ਦੇ ਸ਼ੁਰੂ ਵਿਚ ਕੁਮਾਰਸਵਾਮੀ ਨੇ ਵੀਡੀਉ ਸੁਨੇਹੇ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਾਗੂ ਤਾਲਾਬੰਦੀ ਵਿਚ ਭੀੜ ਦੇ ਜਮ੍ਹਾਂ ਹੋਣ 'ਤੇ ਰੋਕ ਹੈ ਅਤੇ ਵਿਆਹ ਸਾਦੇ ਢੰਗ ਨਾਲ ਹੋਵੇਗਾ ਜਿਸ ਵਿਚ ਘੱਟੋ ਘੱਟ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਸੀ ਕਿ ਤਾਲਾਬੰਦੀ ਕਾਰਨ ਵਿਆਹ ਘਰ ਵਿਚ ਹੀ ਕਰਾਉਣ ਦੀ ਯੋਜਨਾ ਸੀ ਪਰ ਸਮਾਜਕ ਦੂਰੀ ਨੂੰ ਕਾਇਮ ਰਖਣਾ ਚੁਨੌਤੀ ਸੀ, ਇਸ ਲਈ ਰਾਮਨਗਰ ਜ਼ਿਲ੍ਹੇ ਵਿਚ ਸਮਾਗਮ ਕਰਾਉਣ ਦਾ ਫ਼ੈਸਲਾ ਕੀਤਾ ਗਿਆ।  (ਏਜੰਸੀ)