ਕੋਰੋਨਾ ਹਾਲਾਤ 'ਤੇ ਕੇਜਰੀਵਾਲ ਨੇ ਜਤਾਈ ਚਿੰਤਾ, ਕੇਂਦਰ ਸਰਕਾਰ ਤੋਂ ਕੀਤੀ ਆਕਸੀਜਨ ਸਪਲਾਈ ਦੀ ਮੰਗ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿੱਚ ਕੇਂਦਰ ਸਰਕਾਰ ਦੇ ਹਸਪਤਾਲਾਂ ਵਿੱਚ 10,000 ਬੈੱਡ ਹਨ, ਜਿਨ੍ਹਾਂ ਵਿੱਚੋਂ 1800 ਬੈੱਡ ਕੋਰੋਨਾ ਲਈ ਰਾਖਵੇਂ ਹਨ।

File Photo

ਨਵੀਂ ਦਿੱਲੀ - ਰਾਜਧਾਨੀ ਵਿਚ ਕੋਰੋਨਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਤਕਰੀਬਨ ਸਾਢੇ 25 ਹਜ਼ਾਰ ਕੇਸ ਆਏ ਹਨ। ਚਿੰਤਾ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ ਵਿਚ ਪਾਜ਼ੀਟੀਵਿਟੀ ਰੇਟ 24 ਤੋਂ ਵਧ ਕੇ 30 ਫੀਸਦੀ ਹੋ ਗਿਆ ਹੈ।

 

ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਦੇ ਨਾਲ ਆਕਸੀਜਨ ਦੀ ਵੀ ਕਮੀ ਹੈ। ਦਿੱਲੀ ਦੇ ਹਸਪਤਾਲਾਂ ਵਿਚ ਹੁਣ 100 ਤੋਂ ਘੱਟ ਬੈੱਡ ਬਚੇ ਹਨ। ਇਸ ਨੂੰ ਲੈ ਕੇ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿਚ 75 ਫੀਸਦੀ ਤੋਂ ਜ਼ਿਆਦਾ ਬੈੱਡ ਕੋਰੋਨਾ ਮਰੀਜ਼ਾਂ ਲਈ ਰਿਜ਼ਰਵ ਕੀਤੇ ਜਾਣ। 

 

ਇਸ ਦੇ ਨਾਲ ਹੀ ਸੀਐਮ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨਾਲ ਮੇਰੀ ਗੱਲਬਾਤ ਹੋਈ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਸਾਨੂੰ ਬੈੱਡ ਅਤੇ ਆਕਸੀਜਨ ਦੀ ਬਹੁਤ ਜ਼ਰੂਰਤ ਹੈ। ਅੱਜ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਅਤੇ ਮੈਂ ਉਨ੍ਹਾਂ ਨੂੰ ਵੀ ਦੱਸਿਆ ਸੀ ਕਿ ਬੈੱਡ ਦੀ ਬਹੁਤ ਜ਼ਰੂਰਤ ਹੈ। ਦਿੱਲੀ ਵਿੱਚ ਕੇਂਦਰ ਸਰਕਾਰ ਦੇ ਹਸਪਤਾਲਾਂ ਵਿੱਚ 10,000 ਬੈੱਡ ਹਨ, ਜਿਨ੍ਹਾਂ ਵਿੱਚੋਂ 1800 ਬੈੱਡ ਕੋਰੋਨਾ ਲਈ ਰਾਖਵੇਂ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ, ‘ਕੇਂਦਰ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਅਜਿਹੀ ਨਾਜ਼ੁਕ ਸਥਿਤੀ ਵਿੱਚ ਘੱਟੋ ਘੱਟ 7,000 ਬੈੱਡ ਕੋਰੋਨਾ ਲਈ ਰਾਖਵੇਂ ਰੱਖੇ ਜਾਣੇ ਚਾਹੀਦੇ ਹਨ ਅਤੇ ਸਾਨੂੰ ਤੁਰੰਤ ਆਕਸੀਜਨ ਸਪਲਾਈ ਕੀਤੀ ਜਾਵੇ। ਦਿੱਲੀ ਸਰਕਾਰ ਅਗਲੇ 2-3 ਦਿਨਾਂ ਵਿਚ 6,000 ਤੋਂ ਵੱਧ ਆਕਸੀਜਨ ਬੈੱਡ ਤਿਆਰ ਕਰੇਗੀ।
ਇਹੀ ਨਹੀਂ, ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਰਾਸ਼ਟਰਮੰਡਲ ਖੇਡਾਂ ਦੇ ਪਿੰਡ ਅਤੇ ਸਕੂਲ ਨੂੰ ਕੋਵਿਡ ਸੈਂਟਰ ਬਣਾਉਣ ਦਾ ਵੀ ਵੱਡਾ ਫੈਸਲਾ ਲਿਆ ਹੈ।

 

 

ਇਸ ਤੋਂ ਇਲਾਵਾ, ਕੋਰੋਨਾ ਦਿੱਲੀ ਵਿਚ ਬੇਕਾਬੂ ਹੋਣ ਕਾਰਨ ਨਾ ਸਿਰਫ਼ ਨਾਈਟ ਕਰਫਿਊ ਲਾਗੂ ਹੈ ਬਲਕਿ ਵੀਕੈਂਡ ਲਾਕਡਾਊਨ ਵੀ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਸਭ ਲਈ ਮਾਸਕ ਪਹਿਨਣਾ ਵੀ ਜ਼ਰੂਰੀ ਕੀਤਾ ਗਿਆ ਹੈ. ਬਿਨ੍ਹਾਂ ਮਾਸਕ ਦੇ 2000 ਰੁਪਏ ਦਾ ਭਾਰੀ ਜੁਰਮਾਨਾ ਦੇਣਾ ਪਵੇਗਾ।