ਇਸ ਸੂਬੇ 'ਚ ਆਕਸੀਜਨ ਸਿਲੰਡਰਾਂ ਦੀ ਘਾਟ ਹੋਣ ਕਰਕੇ ਹੁਣ ਤੱਕ 12 ਮਰੀਜ਼ਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਸਿਰਫ ਬਹੁਤ ਗੰਭੀਰ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ।

oxygen cylinder

ਨਵੀ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਧਣ ਕਰਕੇ ਸਿਹਤ ਪ੍ਰਣਾਲੀ ਦੀ ਵਿਵਸਥਾ ਵਿਚ ਬਹੁਤ ਕੁਝ ਕਮੀ ਨਜਰ ਆ ਰਹੀ ਹੈ। ਦੇਸ਼ ਭਰ ਦੇ ਹਸਪਤਾਲਾਂ ਵਿਚ ਬਿਸਤਰੇ, ਵੈਂਟੀਲੇਟਰਾਂ, ਕੋਰੋਨਾ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਅਤੇ ਆਕਸੀਜਨ ਆਦਿ ਦੀ ਭਾਰੀ ਘਾਟ ਹੈ।  ਇਸ ਦੇ ਕਰਕੇ ਮੌਤਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਮੱਧ ਪ੍ਰਦੇਸ਼ ਦੇ ਸ਼ਾਹਦੋਲ ਮੈਡੀਕਲ ਕਾਲਜ ਵਿਖੇ, ਸ਼ਨੀਵਾਰ ਦੇਰ ਰਾਤ 12 ਕੋਵਿਡ ਮਰੀਜ਼ਾਂ ਦੀ ਆਕਸੀਜਨ ਦੀ ਸਪਲਾਈ ਘੱਟ ਹੋਣ ਕਾਰਨ ਮੌਤ ਹੋ ਗਈ। ਉਸ ਸਮੇਂ ਤੋਂ, ਮੱਧ ਪ੍ਰਦੇਸ਼ ਵਿੱਚ ਰਾਜਨੀਤਿਕ ਪਾਰਾ ਚੜ੍ਹ ਗਿਆ ਹੈ। 

ਦੱਸ ਦੇਈਏ ਕਿ ਮੈਡੀਕਲ ਪ੍ਰਬੰਧਨ ਆਕਸੀਜਨ ਸਪਲਾਈ ਪ੍ਰੈਸ਼ਰ ਬਣਾਉਣ ਲਈ ਸਿਲੰਡਰਾਂ ਦਾ ਪ੍ਰਬੰਧ ਕਰਨ ਵਿਚ ਜੁੱਟ ਗਈ ਪਰ ਇਹ ਸਭ ਵਿਚ 12 ਜਾਨਾਂ ਚਲੀ ਗਈਆਂ।   ਸ਼ਾਹਦੋਲ ਮੈਡੀਕਲ ਕਾਲਜ ਵਿਚ 12 ਆਕਸੀਜਨ ਦੀ ਘਾਟ ਵਾਲੇ ਮਰੀਜ਼ਾਂ ਤੋਂ ਪਹਿਲਾਂ 10 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ ਸ਼ਨੀਵਾਰ ਨੂੰ ਕੁੱਲ 22 ਮਰੀਜ਼ਾਂ ਦੀ ਮੌਤ ਹੋ ਗਈ।

ਸ਼ਾਹਦੋਲ ਮੈਡੀਕਲ ਕਾਲਜ ਦੇ ਡੀਨ ਡਾ: ਮਿਲਿੰਦ ਸ਼ਿਰਲਕਰ ਨੇ ਵੀ ਆਕਸੀਜਨ ਦੀ ਘਾਟ ਕਾਰਨ ਇਨ੍ਹਾਂ 12 ਮੌਤਾਂ ਦੀ ਪੁਸ਼ਟੀ ਕੀਤੀ ਹੈ। ਡਾ: ਮਿਲਿੰਦ ਨੇ ਕਿਹਾ ਕਿ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਹੁਣ ਸਿਰਫ ਬਹੁਤ ਗੰਭੀਰ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸ਼ਾਹਦੋਲ ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਮੌਤਾਂ ਦੇ ਕਾਰਨ ਆਕਸੀਜਨ ਦੀ ਘਾਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।