ਐਮਵੇ 'ਤੇ ED ਦੀ ਵੱਡੀ ਕਾਰਵਾਈ, 757 ਕਰੋੜ ਦੀ ਜਾਇਦਾਦ ਕੁਰਕ, ਜਾਣੋ ਕੀ ਹੈ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਹੈ।

Amway

 

 ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਐਮਵੇ ਇੰਡੀਆ ਇੰਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਐਮਵੇ ਦੀ 757 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਹੈ। ਜਾਂਚ ਦੌਰਾਨ, ਈਡੀ ਨੇ ਪਾਇਆ ਕਿ ਐਮਵੇ ਡਾਇਰੈਕਟ ਸੇਲਿੰਗ ਮਲਟੀ-ਲੇਵਲ ਮਾਰਕੀਟਿੰਗ ਨੈਟਵਰਕ ਦੀ ਆੜ ਵਿੱਚ 'ਪਿਰਾਮਿਡ ਧੋਖਾਧੜੀ' ਨੂੰ ਅੰਜਾਮ ਦੇ ਰਹੀ ਸੀ। ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਨੀ ਦੇ ਮੈਂਬਰ ਲਿਸਟ 'ਚ ਹੋਰ ਮੈਂਬਰ ਜੋੜ ਕੇ ਕਾਗਜ਼ੀ ਤੌਰ 'ਤੇ ਸਮਾਨ ਵੇਚ ਰਹੇ ਸਨ।

 

 

ਐਨਫੋਰਸਮੈਂਟ ਡਾਇਰੈਕਟੋਰੇਟ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਏਜੰਟਾਂ ਨੂੰ ਐਮਵੇ ਕੰਪਨੀ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਉਹਨਾਂ ਨੂੰ ਕੰਪਨੀ ਵੱਲੋਂ ਵੇਚਿਆ ਜਾ ਰਿਹਾ ਸਾਮਾਨ ਖਰੀਦਣ ਲਈ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਉਹ ਜ਼ਿਆਦਾ ਮੈਂਬਰ ਬਣਾਏਗਾ ਅਤੇ ਉਹ ਮੈਂਬਰ ਅੱਗੇ ਜ਼ਿਆਦਾ ਮੈਂਬਰ ਬਣਾ  ਸਾਮਾਨ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਉਸ ਦਾ ਕਮਿਸ਼ਨ ਮਿਲੇਗਾ।

 

ਜਾਣਕਾਰੀ ਮੁਤਾਬਕ ਕੰਪਨੀ ਆਪਣੇ ਏਜੰਟਾਂ ਨੂੰ ਜੋ ਸਿਧਾਂਤ ਦਿੰਦੀ ਹੈ, ਉਸ ਮੁਤਾਬਕ ਪਹਿਲਾਂ ਇਸ ਨੂੰ ਵੇਚੋ ਅਤੇ ਫਿਰ ਖੁਦ ਵਰਤੋਂ ਕਰੋ। ਯਾਨੀ ਪਹਿਲਾਂ ਇਸ ਕੰਪਨੀ ਦਾ ਮੈਂਬਰ ਬਣਨ ਵਾਲੇ ਵਿਅਕਤੀ ਨੂੰ ਕੰਪਨੀ ਵੱਲੋਂ ਵੇਚੀਆਂ ਜਾ ਰਹੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਨੇ ਦੱਸਿਆ ਕਿ ਐਮਵੇ ਦੀ 757 ਕਰੋੜ 77 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਕੁਰਕ ਕੀਤੀ ਗਈ ਹੈ।

ਇਸ ਵਿੱਚ ਐਮਵੇ ਦੀ ਜ਼ਮੀਨ ਅਤੇ ਫੈਕਟਰੀ ਦੀਆਂ ਇਮਾਰਤਾਂ, ਪਲਾਂਟ ਅਤੇ ਮਸ਼ੀਨਰੀ ਵਾਹਨ, ਬੈਂਕ ਖਾਤੇ ਅਤੇ ਤਾਮਿਲਨਾਡੂ ਦੇ ਡਿੰਡੀਗੁਲ ਜ਼ਿਲ੍ਹੇ ਵਿੱਚ ਫਿਕਸਡ ਡਿਪਾਜ਼ਿਟ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀ ਈਡੀ ਨੇ ਐਮਵੇ ਦੇ ਵੱਖ-ਵੱਖ 36 ਬੈਂਕ ਖਾਤਿਆਂ ਤੋਂ 411 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਲੋਕਾਂ ਨੂੰ ਲੁਭਾਉਂਦੀ ਸੀ ਕਿ ਉਹ ਆਪਣੇ ਖਾਲੀ ਸਮੇਂ ਵਿਚ ਸਾਮਾਨ ਵੇਚ ਕੇ ਕਰੋੜਾਂ ਰੁਪਏ ਕਮਾ ਸਕਦੇ ਹਨ।

ਇਸ ਤਹਿਤ 'ਪਿਰਾਮਿਡ' ਦੀ ਉਹੀ ਚੇਨ ਤਿਆਰ ਕੀਤੀ ਜਾਂਦੀ ਹੈ, ਜਿਸ ਨ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਉਹ ਸਾਮਾਨ ਖਰੀਦਣਾ ਪੈਂਦਾ ਹੈ, ਜਿਸ ਨੂੰ ਕੰਪਨੀ ਆਪਣੇ ਭਾਅ 'ਤੇ ਵੇਚਦੀ ਹੈ। ਈਡੀ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਕੰਪਨੀ ਦੁਆਰਾ ਪੇਸ਼ ਕੀਤੇ ਗਏ ਜ਼ਿਆਦਾਤਰ ਉਤਪਾਦਾਂ ਦੀਆਂ ਕੀਮਤਾਂ ਨਾਮਵਰ ਨਿਰਮਾਤਾਵਾਂ ਦੇ ਵਿਕਲਪਕ ਪ੍ਰਸਿੱਧ ਉਤਪਾਦਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ। ਸਾਰੇ ਤੱਥਾਂ ਨੂੰ ਜਾਣੇ ਬਿਨਾਂ, ਆਮ ਆਦਮੀ ਕੰਪਨੀ ਦਾ ਮੈਂਬਰ ਬਣ ਜਾਂਦਾ ਹੈ ਅਤੇ ਮਹਿੰਗੇ ਭਾਅ 'ਤੇ ਉਤਪਾਦ ਖਰੀਦਦਾ ਹੈ।