ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਰੋਹ 'ਚ ਹੀਟ ਸਟ੍ਰੋਕ ਨਾਲ 13 ਦੀ ਮੌਤ: 18 ਲੋਕ ਇਲਾਜ ਅਧੀਨ ਹਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੜਕਦੀ ਧੁੱਪ ਕਾਰਨ ਕਈ ਲੋਕ ਬਿਮਾਰ

photo

 

ਮੁੰਬਈ : ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਐਤਵਾਰ ਨੂੰ ਮਹਾਰਾਸ਼ਟਰ ਭੂਸ਼ਣ ਸਮਾਗਮ ਦੌਰਾਨ ਹੀਟ ਸਟ੍ਰੋਕ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਹਸਪਤਾਲ 'ਚ 18 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ 'ਚ 8 ਔਰਤਾਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਬਜ਼ੁਰਗ ਹਨ। ਇਹ ਪ੍ਰੋਗਰਾਮ ਨਵੀਂ ਮੁੰਬਈ ਦੇ ਖਾਰਘਰ 'ਚ 150 ਏਕੜ ਦੇ ਵਿਸ਼ਾਲ ਮੈਦਾਨ 'ਚ ਸਵੇਰੇ 11.30 ਵਜੇ ਤੋਂ ਦੁਪਹਿਰ 1 ਵਜੇ ਤੱਕ ਆਯੋਜਿਤ ਕੀਤਾ ਗਿਆ। ਇਸ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਰਿਹਾ।

ਇਸ ਸਮਾਗਮ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਜ ਸੇਵਕ ਦੱਤਾਤ੍ਰੇਯ ਨਰਾਇਣ ਨੂੰ ਇਹ ਪੁਰਸਕਾਰ ਦਿੱਤਾ। ਇਸ ਸਮਾਗਮ ਵਿੱਚ 7 ​​ਲੱਖ ਸਮਰਥਕਾਂ ਨੇ ਸ਼ਿਰਕਤ ਕੀਤੀ। ਸਾਰੇ ਲੋਕਾਂ ਦੇ ਪ੍ਰੋਗਰਾਮ ਦੇਖਣ ਅਤੇ ਸੁਣਨ ਲਈ ਗਰਾਊਂਡ ਵਿੱਚ ਆਡੀਓ ਅਤੇ ਵੀਡੀਓ ਦੀ ਸਹੂਲਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਪਰ ਲੋਕਾਂ ਦੇ ਬੈਠਣ ਲਈ ਕੀਤੇ ਗਏ ਪ੍ਰਬੰਧਾਂ ਉਪਰ ਕੋਈ ਛਾਂ ਨਹੀਂ ਰੱਖੀ ਗਈ। ਇਸ ਮੌਕੇ ਧੁੱਪ ਅਤੇ ਗਰਮੀ ਨੇ ਕਈ ਲੋਕਾਂ ਦੀ ਸਿਹਤ ਖਰਾਬ ਕਰ ਦਿੱਤੀ।

ਇਸ ਪ੍ਰੋਗਰਾਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਸਵੇਰੇ 10.30 ਵਜੇ ਖਤਮ ਹੋਣਾ ਸੀ ਪਰ ਦੁਪਹਿਰ 1 ਵਜੇ ਤੱਕ ਚੱਲਿਆ। ਇਸ ਤੋਂ ਬਾਅਦ ਭੀੜ 'ਚ ਮੌਜੂਦ ਲੋਕਾਂ ਨੂੰ ਬਾਹਰ ਕੱਢਣ 'ਚ ਸਮਾਂ ਲੱਗਾ। ਡੀਹਾਈਡ੍ਰੇਸ਼ਨ ਕਾਰਨ ਕਈ ਲੋਕਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ।
ਮੁੱਖ ਮੰਤਰੀ ਏਕਨਾਥ ਸ਼ਿੰਦੇ ਗਰਮੀ ਕਾਰਨ ਹਸਪਤਾਲ 'ਚ ਦਾਖਲ ਲੋਕਾਂ ਨੂੰ ਮਿਲਣ ਗਏ। ਹਸਪਤਾਲ ਤੋਂ ਬਾਹਰ ਆਉਣ 'ਤੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ 'ਚ 7-8 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 50 ਲੋਕ ਹੀਟ ਸਟ੍ਰੋਕ ਕਾਰਨ ਹਸਪਤਾਲ 'ਚ ਦਾਖਲ ਹਨ। ਇਨ੍ਹਾਂ ਵਿੱਚੋਂ 24 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।

ਫੜਨਵੀਸ ਨੇ ਟਵੀਟ ਕੀਤਾ ਕਿ ਇਨ੍ਹਾਂ ਸਾਰੇ ਲੋਕਾਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਉਨ੍ਹਾਂ ਲਿਖਿਆ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਕੁਝ ਮੈਂਬਰਾਂ ਦੀ ਹੀਟ ਸਟ੍ਰੋਕ ਕਾਰਨ ਮੌਤ ਹੋ ਗਈ। ਅਸੀਂ ਉਨ੍ਹਾਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹਾਂ।

ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਅਸੀਂ ਇਲਾਜ ਕਰ ਰਹੇ ਲੋਕਾਂ ਨੂੰ ਮਿਲੇ ਹਾਂ, 4-5 ਲੋਕਾਂ ਨਾਲ ਗੱਲ ਕੀਤੀ ਹੈ। ਦੋ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਮਾਗਮ ਦੀ ਯੋਜਨਾ ਸਹੀ ਢੰਗ ਨਾਲ ਨਹੀਂ ਕੀਤੀ ਗਈ ਸੀ। ਇਸ ਦੀ ਜਾਂਚ ਕੌਣ ਕਰੇਗਾ?

ਐਨਸੀਪੀ ਨੇਤਾ ਅਜੀਤ ਪਵਾਰ ਨੇ ਹਸਪਤਾਲ ਜਾ ਕੇ ਪੀੜਤਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲ ਵਿੱਚ ਇੱਕ ਮਰੀਜ਼ ਦੇਖਿਆ, ਜੋ ਵੈਂਟੀਲੇਟਰ 'ਤੇ ਹੈ, ਉਸ ਦੀ ਹਾਲਤ ਗੰਭੀਰ ਹੈ। ਹੋਰਾਂ ਨੇ ਸਾਡੇ ਨਾਲ ਗੱਲ ਕੀਤੀ। ਇਹ ਬਹੁਤ ਗੰਭੀਰ ਹਾਦਸਾ ਸੀ, ਇਸਦੀ ਜਾਂਚ ਹੋਣੀ ਚਾਹੀਦੀ ਹੈ।