ਕਰਨਾਲ 'ਚ ਡਿੱਗੀ ਤਿੰਨ ਮੰਜ਼ਿਲਾ ਰਾਈਸ ਮਿੱਲ : 4 ਦੀ ਮੌਤ, 25 ਮਜ਼ਦੂਰ ਮਲਬੇ ਹੇਠ ਦੱਬੇ

ਏਜੰਸੀ

ਖ਼ਬਰਾਂ, ਰਾਸ਼ਟਰੀ

120 ਮਜ਼ਦੂਰਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਬਚਾਈ ਜਾਨ

photo

 

ਕਰਨਾਲ : ਹਰਿਆਣਾ ਦੇ ਕਰਨਾਲ 'ਚ ਸਵੇਰੇ 3:30 ਵਜੇ ਸ਼ਿਵ ਸ਼ਕਤੀ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਦੇ ਮਲਬੇ ਹੇਠ ਦੱਬ ਕੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 20 ਤੋਂ 25 ਮਜ਼ਦੂਰ ਮਲਬੇ ਹੇਠ ਦੱਬੇ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 120 ਮਜ਼ਦੂਰਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਤਰਾਵੜੀ ਵਿੱਚ ਸ਼ਿਵ ਸ਼ਕਤੀ ਰਾਈਸ ਮਿੱਲ ਦੀ ਇਸ ਇਮਾਰਤ ਵਿੱਚ ਕਰੀਬ 200 ਮਜ਼ਦੂਰ ਰਹਿੰਦੇ ਸਨ। ਉਨ੍ਹਾਂ ਵਿਚੋਂ ਕੁਝ ਰਾਤ ਨੂੰ ਕੰਮ 'ਤੇ ਗਏ ਹੋਏ ਸਨ। ਬਾਕੀ ਇਮਾਰਤ ਵਿੱਚ ਸੌਂ ਰਹੇ ਸਨ। NDRF ਅਤੇ ਪੁਲਿਸ ਟੀਮਾਂ ਦਾ ਬਚਾਅ ਕਾਰਜ ਖਤਮ ਹੋ ਗਿਆ ਹੈ। ਇਹ ਆਪਰੇਸ਼ਨ 7 ਘੰਟੇ ਤੱਕ ਚੱਲਿਆ। ਮੁੱਢਲੀ ਜਾਣਕਾਰੀ ਅਨੁਸਾਰ ਮਰਨ ਵਾਲੇ ਮਜ਼ਦੂਰ ਬਿਹਾਰ ਦੇ ਵਸਨੀਕ ਹਨ।

ਹਾਦਸਾ ਸਵੇਰੇ 3 ਵਜੇ ਵਾਪਰਿਆ ਹੈ। ਵਰਾਂਡੇ ਵਿੱਚ ਸੁੱਤੇ ਪਏ ਸਾਰੇ ਲੋਕਾਂ ਇਸ ਦੀ ਚਪੇਟ ਵਿਚ ਆ ਗਏ। ਕਮਰੇ ਵਿੱਚ ਰਹਿਣ ਵਾਲੇ ਵਾਲ-ਵਾਲ ਬਚ ਗਏ।
ਕਰਨਾਲ ਦੇ ਐਸਪੀ ਨੇ ਦੱਸਿਆ ਕਿ ਮਾਲਕ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। 3 ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਲੇਬਰ ਠੇਕੇਦਾਰ ਤੋਂ ਸੂਚੀ ਲੈ ਲਈ ਗਈ ਹੈ। ਇਸ ਦੇ ਆਧਾਰ 'ਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੇ ਨਾਮ ਸੰਜੇ ਕੁਮਾਰ, ਪੰਕਜ ਕੁਮਾਰ, ਅਵਧੇਸ਼ ਅਤੇ ਚੰਦਨ ਹਨ।