Delhi News : ਸੜਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਖ਼ਰਚੇ ਜਾਣਗੇ 3.9 ਲੱਖ ਕਰੋੜ ਰੁਪਏ
Delhi News : ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਵੱਡੀਆਂ ਤਿਆਰੀਆਂ
Rs 3.9 lakh crore to be spent to strengthen road infrastructure Latest News in Punjabi : ਬੈਂਕ ਆਫ਼ ਬੜੌਦਾ ਦੀ ਰਿਪੋਰਟ ਦੇ ਅਨੁਸਾਰ, ਕੇਂਦਰ ਅਤੇ ਰਾਜ ਸਰਕਾਰਾਂ ਸੜਕੀ ਬੁਨਿਆਦੀ ਢਾਂਚੇ 'ਤੇ ਵੱਡਾ ਖ਼ਰਚ ਕਰਨਗੀਆਂ। ਵਿੱਤੀ ਸਾਲ 2024-25 (FY25) ਦੌਰਾਨ ਸੜਕ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਕੁੱਲ ₹3.9 ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ। ਇਹ ਦੇਸ਼ ਭਰ ਵਿਚ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਲੌਜਿਸਟਿਕਸ ਨੂੰ ਵਧਾਉਣ ਦੀ ਰਣਨੀਤੀ ਨੂੰ ਦਰਸਾਉਂਦਾ ਹੈ।
ਇਸ ਕੁੱਲ ਨਿਵੇਸ਼ ਵਿਚੋਂ, ਕੇਂਦਰ ਸਰਕਾਰ ਦੁਆਰਾ ₹1.42 ਲੱਖ ਕਰੋੜ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਰਕਮ ਵਿਚੋਂ, ਰਾਜਸਥਾਨ ਵਿਚ ₹0.67 ਲੱਖ ਕਰੋੜ (ਭਾਵ 47 ਫ਼ੀ ਸਦੀ) ਦੇ ਸੱਭ ਤੋਂ ਵੱਧ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ 28 ਫਲਾਈਓਵਰਾਂ ਦਾ ਨਿਰਮਾਣ ਸ਼ਾਮਲ ਹੈ। ਉੱਤਰ-ਪੂਰਬੀ ਭਾਰਤ ਵਲ ਵੀ ਵਿਸ਼ੇਸ਼ ਧਿਆਨ ਦਿਤਾ ਗਿਆ ਹੈ।
ਰਿਪੋਰਟ ਅਨੁਸਾਰ ਅਸਾਮ ਵਿਚ ਲਗਭਗ 1,647 ਕਿਲੋਮੀਟਰ ਸੜਕਾਂ ਦੇ ਨਿਰਮਾਣ ਲਈ ₹0.5 ਲੱਖ ਕਰੋੜ (35 ਫ਼ੀ ਸਦੀ) ਅਤੇ ਮੇਘਾਲਿਆ ਵਿਚ 136 ਕਿਲੋਮੀਟਰ ਸੜਕਾਂ ਦੇ ਨਿਰਮਾਣ ਲਈ ₹0.25 ਲੱਖ ਕਰੋੜ (18 ਫ਼ੀ ਸਦੀ) ਦਾ ਨਿਵੇਸ਼ ਪ੍ਰਸਤਾਵਤ ਹੈ।
ਰਾਜ ਸਰਕਾਰਾਂ ਦੁਆਰਾ ਕੁੱਲ ₹3.7 ਲੱਖ ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚੋਂ ਲਗਭਗ ₹2.5 ਲੱਖ ਕਰੋੜ (67 ਫ਼ੀ ਸਦੀ) ਸੜਕੀ ਆਵਾਜਾਈ ਬੁਨਿਆਦੀ ਢਾਂਚੇ ਦੀਆਂ ਸੇਵਾਵਾਂ 'ਤੇ ਕੇਂਦ੍ਰਿਤ ਹੈ। ਗੁਜਰਾਤ ਰਾਜ ਚੋਟੀ ਦੇ ਨਿਵੇਸ਼ਕਾਂ ਵਿਚੋਂ ਇਕ ਹੈ, ਜਿੱਥੇ ₹97,892 ਕਰੋੜ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਬਾਅਦ ਰਾਜਸਥਾਨ ਦਾ ਨੰਬਰ ਆਉਂਦਾ ਹੈ ਜਿਸ ਵਿੱਚ ₹87,438 ਕਰੋੜ ਦਾ ਨਿਵੇਸ਼ ਹੈ, ਜਿੱਥੇ ਘੱਟੋ-ਘੱਟ 2,829 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਜਾਣਗੀਆਂ। ਓਡੀਸ਼ਾ ਵਿਚ ਵੀ ₹27,400 ਕਰੋੜ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਹੈ।
ਇਹ ਨਿਵੇਸ਼ ਵਿੱਤੀ ਸਾਲ 25 ਦੇ ਬਜਟ ਵਿਚ ਕੇਂਦਰ ਸਰਕਾਰ ਦੁਆਰਾ ਐਲਾਨੇ ਗਏ ₹11.1 ਲੱਖ ਕਰੋੜ ਦੇ ਜਨਤਕ ਪੂੰਜੀ ਖ਼ਰਚ (ਕੈਪੇਕਸ) ਦਾ ਹਿੱਸਾ ਹਨ, ਜਿਸ ਵਿਚ ਕੇਂਦਰ ਸਰਕਾਰ ਦੋ ਤਿਹਾਈ ਯੋਗਦਾਨ ਪਾ ਰਹੀ ਹੈ। ਇਹ ਸਾਂਝਾ ਯਤਨ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ, ਆਰਥਿਕ ਵਿਕਾਸ ਨੂੰ ਵਧਾਉਣ ਅਤੇ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਵੱਲ ਇਕ ਕਦਮ ਹੈ।