ਗੁਜਰਾਤ ਦੇ ਪਾਸਪੋਰਟ ਦਫ਼ਤਰ ਵਿਖੇ ਸਿੱਖ ਵਿਅਕਤੀ ਨੂੰ ਦਸਤਾਰ ਉਤਾਰ ਕੇ ਫੋਟੋ ਕਰਵਾਉਣ ਲਈ ਆਖਿਆ
ਸਿੱਖਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵਿਦੇਸ਼ਾਂ ਵਿਚ ਹੀ ਨਹੀਂ ਬਲਕਿ ਦੇਸ਼ ਵਿਚ ਵੀ ਵਾਪਰ ਰਹੀਆਂ ਹਨ। ਹੁਣ ਗੁਜਰਾਤ ਦੇ ਭਾਵਨਗਰ ...
ਅਹਿਮਦਾਬਾਦ : ਸਿੱਖਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵਿਦੇਸ਼ਾਂ ਵਿਚ ਹੀ ਨਹੀਂ ਬਲਕਿ ਦੇਸ਼ ਵਿਚ ਵੀ ਵਾਪਰ ਰਹੀਆਂ ਹਨ। ਹੁਣ ਗੁਜਰਾਤ ਦੇ ਭਾਵਨਗਰ ਪਾਸਪੋਰਟ ਦਫ਼ਤਰ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸਿੱਖ ਵਿਅਕਤੀ ਨੂੰ ਪਾਸਪੋਰਟ 'ਤੇ ਦਸਤਾਰ ਉਤਾਰ ਕੇ ਤਸਵੀਰ ਖਿਚਵਾਉਣ ਲਈ ਕਿਹਾ ਗਿਆ।
ਭਾਵਨਗਰ ਵਿਚ ਰਹਿਣ ਵਾਲੇ ਸਿੱਖ ਵਿਅਕਤੀ ਅਜੀਤ ਸਿੰਘ ਹਰੀਮਲ ਕੁਕਡੇਜਾ ਵਲੋਂ ਦਿੱਲੀ ਸਿੱਖ ਗੁਦੁਆਰਾ ਕਮੇਟੀ ਨੂੰ ਭੇਜੀ ਗਈ ਚਿੱਠੀ ਵਿਚ ਉਸ ਨੇ ਕਿਹਾ ਹੈ ਕਿ ਸਿੰਧੀ ਪਰਵਾਰ ਵਿਚ ਜਨਮ ਲੈਣ ਦੇ ਬਾਵਜੂਦ ਸਿੱਖੀ ਨਾਲ ਪਿਆਰ ਹੋਣ ਕਰਕੇ ਉਹ ਸਿੰਘ ਸਜ ਗਿਆ ਸੀ ਅਤੇ ਹੁਣ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਤੇ ਰਾਗੀ ਸਿੰਘ ਵਜੋਂ ਸੇਵਾ ਨਿਭਾਉਂਦਾ ਹੈ।
ਉਸ ਨੇ ਦਸਿਆ ਕਿ ਉਸ ਨੇ ਵਿਦੇਸ਼ ਜਾਣ ਲਈ ਪਾਸਪੋਰਟ ਦਫ਼ਤਰ ਵਿਚ ਪਾਸਪੋਰਟ ਬਣਾਉਣ ਦੀ ਅਰਜ਼ੀ ਦਿਤੀ ਸੀ ਪਰ ਜਦੋਂ ਉਹ ਗਾਤਰਾ ਧਾਰਨ ਕਰਕੇ ਪਾਸਪੋਰਟ ਦਫ਼ਤਰ ਵਿਚ ਤਸਵੀਰ ਖਿਚਵਾਉਣ ਲਈ ਪੁੱਜਿਆ ਤਾਂ ਪਾਸਪੋਰਟ ਦਫ਼ਤਰ ਦੇ ਇਕ ਅਧਿਕਾਰੀ ਨੇ ਉਸ ਨੂੰ ਗਾਤਰਾ ਤੇ ਦਸਤਾਰ ਉਤਾਰ ਕੇ ਫੋਟੋ ਖਿਚਵਾਉਣ ਲਈ ਕਿਹਾ। ਉਸ ਦੇ ਇਨਕਾਰ ਕਰਨ 'ਤੇ ਅਧਿਕਾਰੀ ਨੇ ਸਾਫ਼ ਕਿਹਾ ਕਿ ਜਦੋਂ ਤਕ ਕੇਸ ਬਾਹਰ ਨਹੀਂ ਦਿਖਣਗੇ, ਉਦੋਂ ਤਕ ਉਹ ਫੋਟੋ ਨਹੀਂ ਖਿੱਚੇਗਾ।
ਇਸ ਮਾਮਲੇ ਤੋਂ ਬਾਅਦ ਜਦੋਂ ਅਗਲੇ ਦਿਨ ਸਥਾਨਕ ਸਿੱਖ ਸੰਗਤ ਨੇ ਸਬੰਧਤ ਅਧਿਕਾਰੀ ਕੋਲ ਪੁੱਜ ਕੇ ਸਵਾਲ ਪੁੱਛੇ ਤਾਂ ਉਸ ਨੇ ਕਿਹਾ ਕਿ ਦਸਤਾਰ ਪਾਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਹੈ ਕਿਉਂਕਿ ਪਾਸਪੋਰਟ 'ਤੇ ਛਪਣ ਵਾਲੀ ਫੋਟੋ ਲਈ ਕੰਨ ਸਾਫ਼ ਨਜ਼ਰ ਆਉਣੇ ਚਾਹੀਦੇ ਹਨ। ਉਸ ਤੋਂ ਬਾਅਦ ਅਜੀਤ ਸਿੰਘ ਦੇ ਸਾਥੀ ਵਿਸ਼ਾਲ ਸਿੰਘ ਵਲੋਂ ਮੁੱਖ ਦਫ਼ਤਰ ਅਹਿਮਦਾਬਾਦ ਵਿਖੇ ਆਰਟੀਆਈ ਸਬੰਧੀ ਅਰਜ਼ੀ ਦਾਖ਼ਲ ਕੀਤੀ ਗਈ, ਜਿਸ ਦੇ ਆਏ ਜਵਾਬ 'ਚ ਸਾਫ਼ ਲਿਖਿਆ ਸੀ ਕਿ ਅਜਿਹਾ ਕੋਈ ਨਿਯਮ ਨਹੀਂ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਵਿਅਕਤੀ ਨੂੰ ਦਸਤਾਰ ਲਾਹੁਣ ਲਈ ਕਹਿਣ ਵਾਲੇ ਪਾਸਪੋਰਟ ਅਧਿਕਾਰੀ ਵਿਰੁਧ ਕਾਰਵਾਈ ਕਰਵਾਉਣ ਲਈ ਪੀੜਤ ਸਿੱਖ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਹੈ।